ਪੰਨਾ:ਹੀਰ ਵਾਰਸਸ਼ਾਹ.pdf/211

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯੯)

ਹੁਸਨ ਮਤੀਏ ਬੋਬਕੇ ਸੋਨ ਚਿੜੀਏ ਨੈਣਾਂ ਵਾਲੀਏ ਸ਼ੋਖ ਮਮੋਲੀਏ ਨੀ
ਬੁਰਾ ਸੁਖ਼ਨ ਬਰੋਬਰੀ ਨਾਲ ਸ਼ਾਹਾਂ ਰੱਖੀ ਜੀਭ ਸੰਭਾਲ ਬੜਬੋਲੀਏ ਨੀ
ਨਾਹੀਂ ਰੀਸ ਕਰੀਏ ਇਨ੍ਹਾਂ ਜੋਗੀਆਂ ਦੀ ਸਮਝ ਸੁਖ਼ਨ ਫ਼ਕੀਰ ਨੂੰ ਬੋਲੀਏ ਨੀ
ਬੁਰਾ ਬੋਲਣਾ ਰੱਬ ਦਿਆਂ ਪਿਆਰਿਆਂ ਨੂੰ ਨੀ ਬੇਸ਼ਰਮ ਕੁਪੱਤੀਏ ਲੋਲੀਏ ਨੀ
ਤੈਂਡਾ ਭਲਾ ਥੀਵੇ ਸਾਡਾ ਛੱਡ ਪਿੱਛਾ ਅੱਬਾ ਜੀਉਣੀਏਂ ਆਲੀਏ ਭੋਲੀਏ ਨੀ
ਅੰਤ ਇਹ ਜਹਾਨ ਛਡ ਜਾਉਣਾ ਏਂ ਐਡੇ ਕੁਫ਼ਰ ਅਪਰਾਧ ਨਾ ਤੋਲੀਏ
ਮਸਤੀ ਨਾਲ ਫਕੀਰ ਨੂੰ ਦੇਂ ਗਾਲ੍ਹੀ ਵਾਰਸਸ਼ਾਹ ਦੇ ਨੇਕ ਮਨੋਲੀਏ ਨੀ

ਕਲਾਮ ਸਹਿਤੀ

ਛੇੜ ਖੁੰਦਰਾਂ ਭੇੜ ਮਚਾਉਣਾ ਏਂ ਸੇਕਾਂ ਲਿੰਗ ਤੇਰੇ ਨਾਲ ਸੋਟਿਆਂ ਦੇ
ਅਸੀਂ ਜੱਟੀਆਂ ਮੁਸ਼ਕ ਪਲੱਟੀਆਂ ਹਾਂ ਨੱਕ ਪਾੜ ਸੁੱਟੇ ਜਿਨ੍ਹਾਂ ਝੋਟਿਆਂ ਦੇ
ਜਦੋਂ ਮੁਹਲੀਆਂ ਪਕੜਕੇ ਗਿਰਦ ਹੋਈਆਂ ਪਿਸਤੇ ਕੱਢੀਏ ਟੀਣਿਆਂ ਕੋਟਿਆਂ ਦੇ
ਜੁੱਟ ਜੁੱਟਕੇ ਕੁੱਟੀਏ ਨਾਲ ਸੋਟੇ ਇਹ ਇਲਾਜ ਨੀ ਚਿੱਤੜਾਂ ਮੋਟਿਆਂ ਦੇ
ਲੱਪਰ ਸ਼ਾਹ ਦਾ ਬਾਲਕਾ ਸ਼ਾਹ ਝੱਖੜ ਤੈਥੇ ਵੱਲ ਹੈ ਐਡ ਲਪੋਟਿਆਂ ਦੇ
ਵਾਰਸਸ਼ਾਹ ਰੋਡਾ ਸਿਰ ਕੰਨ ਪਾਟੇ ਇਹ ਹਾਲ ਚੋਰਾਂ ਯਾਰਾਂ ਖੋਟਿਆਂ ਦੇ

ਕਲਾਮ ਜੋਗੀ

ਫਕਰ ਸ਼ੇਰ ਦਾ ਆਖਦੇ ਹੈਨ ਬੁਰਕਾ ਭੇਤ ਫ਼ਕਰ ਦਾ ਮੂਲ ਨਾ ਫੋਲੀਏ ਨੀ
ਦੁੱਧ ਸਾਫ ਹੈ ਵੇਖਣਾ ਆਸ਼ਕਾਂ ਦਾ ਸ਼ਕਰ ਵਿੱਚ ਪਿਆਜ਼ ਨੂੰ ਘੋਲੀਏ ਨੀ
ਗੁਜ਼ਰ ਗਈ ਬੀਤੀ ਗੱਲ ਹੋ ਚੁੱਕੀ ਮੂਤ ਵਿੱਚੋਂ ਨਾ ਮਛੀਆਂ ਟੋਲੀਏ ਨੀ
ਫਕਰ ਨਾਲ ਫਕੀਰਾਂ ਨੂੰ ਬੁਰਾ ਬੋਲੇਂ ਨਾਹੀਂ ਅਕਲ ਹਯਾ ਤੇ ਡੋਲੀਏ ਨੀ
ਸਰੇ ਖੈਰ ਜੋ ਹੱਸ ਕੇ ਆਣ ਦੀਜੇ ਲਈਏ ਦੁਆ ਤੇ ਮਿੱਠੜਾ ਬੋਲੀਏ ਨੀ
ਲਈਏ ਆਖ ਚੜ੍ਹਾਇਕੇ ਵੱਧ ਪੈਸਾ ਪਰ ਤੋਲ ਤੋਂ ਘੱਟ ਨਾ ਤੋਲੀਏ ਨੀ
ਹਰ ਕਿਸੇ ਦੇ ਨਾਲ ਪਿਆਰ ਕਰੀਏ ਅਤੇ ਕਿਬਰ ਦਾ ਭੇਦ ਨਾਂ ਖੋਲ੍ਹੀਏ ਨੀ
ਵਾਰਸਸ਼ਾਹ ਵੱਲ ਪਿਆ ਤਰੱਕਲੇ ਨੂੰ ਸਿੱਧਾ ਹੋਵੇ ਨਾ ਬਾਝ ਠਠੋਲੀਏ ਨੀ

ਕਲਾਮ ਸਹਿਤੀ

ਅਸੀਂ ਭੂਤ ਦੀ ਅਕਲ ਗਵਾ ਦਈਏ ਸਾਨੂੰ ਲਾ ਭਬੂਤ ਡਰਾਉਣਾ ਏਂ
ਦੇਖ ਸੋਹਣੀ ਨੱਢੜੀ ਹੋਵੇ ਜਿਥੇ ਉਥੇ ਜਾਇਕੇ ਝਾਤੀਆਂ ਪਾਉਣਾ ਏਂ
ਤਿ੍ੰਝਣ ਦੇਖਨੈ ਵਾਹੁਟੀਆਂ ਛੈਲ ਕੁੜੀਆਂ ਓਥੇ ਕਿੰਗਨੀ ਤਾਰ ਵਜਾਉਣਾ ਏਂ
ਮੇਰੀ ਭਾਬੀ ਦੇ ਨਾਲ ਤੂੰ ਰਮਜ਼ ਮਾਰੇਂ ਭੱਲਾ ਆਪ ਨੂੰ ਕੌਣ ਸਦਾਉਣਾ ਏਂ
ਓਹ ਪਈ ਹੈਰਾਨ ਹੈ ਨਾਲ ਜਹਿਮਤ ਘੜੀ ਘੜੀ ਕਿਉਂ ਪਿਆ ਅਕਾਉਣਾ ਏਂ