ਪੰਨਾ:ਹੀਰ ਵਾਰਸਸ਼ਾਹ.pdf/210

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯੮)

ਮਾਲਜ਼ਾਦੀਆਂ ਜੇਡ ਨਾ ਕਸਬ ਭੈੜਾ ਕਮਜ਼ਾਤ ਨੂੰ ਹੁਕਮ ਅਕਾਬਰੀ ਵੇ
ਇਤਫ਼ਾਕ ਦੇ ਜੇਡ ਨਾ ਸ਼ਾਨ ਸ਼ੌਕਤ ਖਲਕ ਜੇਡ ਨਾ ਜੱਗ ਨਸਬਰੀ ਵੇ
ਇਲਮ ਹੁਨਰ ਦੇ ਬਾਝ ਨਾ ਪਹੁੰਚ ਕੋਈ ਅਮਲ ਸਾਲਿਅਹ ਜੇਡ ਨਾ ਰਾਬਰੀ ਵੇ
ਰੰਨ ਵੇਖਣੀ ਐਬ ਫ਼ਕੀਰ ਤਾਈਂ ਭੂਤ ਵਾਂਗ ਸਿਰਾਂ ਉਤੇ ਬਾਬਰੀ ਵੇ
ਵਾਰਸ਼ਸ਼ਾਹ ਸ਼ੈਤਾਨ ਦੇ ਅਮਲ ਤੇਰੇ ਦਾੜ੍ਹੀ ਹੋ ਗਈ ਸ਼ੇਖ ਦੀ ਛਾਬੜੀ ਵੇ

ਕਲਾਮ ਜੋਗੀ

ਰੰਨ ਵੇਖਣੀ ਐਬ ਹੈ ਅੰਨ੍ਹਿਆਂ ਨੂੰ ਰੱਬ ਅਖੀਆਂ ਦਿਤੀਆਂ ਵੇਖਣੇ ਨੂੰ
ਸਭ ਖਲਕ ਦਾ ਵੇਖਕੇ ਲਓ ਮੁਜਰਾ ਕਰੋ ਦੀਦ ਇਸ ਜੱਗ ਦੇ ਪੇਖਣੇ ਨੂੰ
ਰਾਵਣ ਰਾਜਿਆਂ ਸਿਰਾਂ ਦੇ ਦਾ ਲਾਏ ਜ਼ਰਾ ਜਾਇਕੇ ਅਖੀਆਂ ਸੇਕਣੇ ਨੂੰ
ਮਹਾਂਦੇਵ ਜਿਹੇ ਪਾਰਬੱਤੀ ਅੱਗੇ ਕਾਮ ਲਿਆਉਂਦਾ ਸੀ ਮੱਥਾ ਟੇਕਣੇ ਨੂੰ
ਸਭ ਦੀਦ ਮੁਆਫ਼ ਹੈ ਆਸ਼ਕਾਂ ਨੂੰ ਰੱਬ ਨੈਣ ਦਿਤੇ ਜੱਗ ਦੇਖਣੇ ਨੂੰ
ਆਸ਼ਕ ਢੂੰਡਦੇ ਫਿਰਨ ਦੀਦਾਰ ਤਾਈਂ ਕਿਵੇਂ ਹੋਵੇ ਹਾਸਲ ਆਸ ਪੇਖਣੇ ਨੂੰ
ਅਜਰਾਈਲ ਹੱਥ ਕਲਮ ਲੈ ਵੇਖਦਾ ਏ ਤੇਰਾ ਨਾਮ ਇਸ ਜੱਗ ਤੋਂ ਛੇਕਣੇ ਨੂੰ
ਵਾਰਸਸ਼ਾਹ ਮੀਆਂ ਰੋਜ਼ ਹਸ਼ਰ ਦੇ ਨੂੰ ਸੱਭ ਸੱਦਣੀਂਗੇ ਲੇਖਾ ਲੇਖਣੇ ਨੂੰ

ਕਲਾਮ ਸਹਿਤੀ

ਜੇਹੀ ਨੀਅਤ ਹੈ ਤੇਰੀ ਮੁਰਾਦ ਮਿਲੀਆ ਘਰੋ ਘਰੀ ਛਾਈ ਸਿਰ ਪਾਉਣਾ ਏਂ
ਫਿਰੇਂ ਭੌਕਦਾ ਮੰਗਦਾ ਖੁਆਹ ਹੁੰਦਾ ਲੱਖ ਦਗੇ ਪਖੰਡ ਕਮਾਉਣਾ ਏਂ
ਸਾਨੂੰ ਰੱਬ ਨੇ ਦੁੱਧ ਤੇ ਦਹੀਂ ਦਿੱਤਾ ਅਸਾਂ ਖਾਉਣਾ ਅਤੇ ਹੰਢਾਉਣਾ ਏਂ
ਕਿੱਸ ਦੱਸਿਓ ਕਿੱਸ ਸੁਣਾਇਓ ਵੇ ਹੀਰ ਹੀਰ ਕਰਕੇ ਮੁਸਕ੍ਰਾਉਣਾ ਏਂ
ਸਾਰਾ ਭੇਤ ਤੇਰਾ ਅਸਾਂ ਲੱਭ ਲਿਆ ਸਾਥੋਂ ਕਾਸਨੂੰ ਪਿਆ ਲੁਕਾਉਣਾ ਏਂ
ਸੋਨਾ ਰੁੱਪੜਾ ਪਹਿਨਕੇ ਅਸੀਂ ਬਹੀਏ ਵਾਰਸਸ਼ਾਹ ਕਿਉਂ ਜੀ ਭਰਮਾਉਣਾ ਏਂ

ਕਲਾਮ ਜੋਗੀ

ਸੋਨਾ ਰੁੱਪੜਾ ਸ਼ਾਨ ਸਵਾਣੀਆਂ ਦਾ ਤੂੰ ਤਾਂ ਨਹੀਂ ਅਸੀਲਣੀ ਗੋਲਏ ਨੀ
ਗੱਧਾ ਅਦਰਕਾਂ ਨਾਲ ਨਾ ਹੋਏ ਘੋੜਾ ਸ਼ਾਹ ਪਰੀ ਨਾ ਹੋਏ ਯਰੋਲੀਏ ਨੀ
ਰੰਗ ਗੋਰੜੇ ਨਾਲ ਤੂੰ ਜੱਗ ਮੁੱਠਾ ਵਿੱਚੋਂ ਗੁਨਾਹ ਦੇ ਕਾਰਨੇ ਪੋਲੀਏ ਨੀ
ਵਿਹੜੇ ਵਿਚ ਤੂੰ ਕੰਜਰੀ ਵਾਂਗ ਨੱਚੇਂ ਚੋਰਾਂ ਯਾਰਾਂ ਦੀਏ ਵਿੱਚ ਵਿਚੋਲੀਏ ਨੀ
ਅਸਾਂ ਪੀਰ ਕਹਿਆ ਤੁਸਾਂ ਹੀਰ ਜਾਤਾ ਭੁੱਲ ਗਈ ਹੈਂ ਸਮਝ ਵਿੱਚ ਭੋਲੀਏ ਨੀ
ਸਾਡਾ ਆਖਣਾ ਤੁਸਾਂ ਨਾ ਸਮਝਿਆ ਏ ਐਡ ਕੂੜ ਦੇ ਘੋਲ ਨਾ ਘੋਲੀਏ ਨੀ
ਫ਼ਕਰ ਅਸਲ ਅਲਾਹ ਦੀ ਹੈਨ ਸੂਰਤ ਅਗੇ ਰੱਬ ਦੇ ਝੂਠ ਨਾ ਬੋਲੀਏ ਨੀ