ਪੰਨਾ:ਹੀਰ ਵਾਰਸਸ਼ਾਹ.pdf/198

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮੬)

ਪੈਗੰਬਰੀ ਹੁਕਮ ਤੇ ਵਕਤ ਦੇਣਾ ਧੜਵੈਲ ਨੂੰ ਅਕਲ ਮਾਫ਼ੂਲ ਨਾਹੀਂ
ਹੁਕਮ ਨਾਲ ਹਦੀਸ ਦੇ ਹੋਵਣਾ ਏਂ ਸੌਦਾ ਦੂਰ ਦਾ ਸਾਈਆਂ ਭੂਲ ਨਾਹੀਂ
ਵਾਰਸਸ਼ਾਹ ਦੀ ਬੰਦਗੀ ਲਿੱਲ ਜੇਹੀ ਵੇਖਾਂ ਮੰਨ ਲਈਂ ਕਿ ਕਬੂਲ ਨਾਹੀਂ

ਕਲਾਮ ਸਹਿਤੀ

ਸਹਿਤੀ ਆਖਦੀ ਜੋਗੀਆ ਰਾਵਲਾ ਵੇ ਤੈਨੂੰ ਕਿੱਸ ਦਾ ਐਡ ਵੈਰਾਗ ਹੈ ਵੇ
ਕਿਤੋਂ ਸੱਜਰੇ ਕੰਨ ਪੜਾ ਆਯੋਂ ਅੱਜ ਕਲ੍ਹ ਦਾ ਨਵਾਂ ਸੁਹਾਗ ਹੈ ਵੇ
ਅੱਖੀਂ ਤੇਰੀਆਂ ਵਿੱਚ ਹਯਾ ਨਾਹੀਂ ਕਿਨ੍ਹਾਂ ਗੁੰਡੀਆਂ ਦੀ ਤੈਨੂੰ ਲਾਗ ਹੈ ਵੇ
ਗੁਰ ਮੰਤਰਾਂ ਦੀ ਤੈਨੂੰ ਸੁੱਧ ਨਾਹੀਂ ਖਬੜ ਬੰਨ੍ਹਿਓਂ ਲੱਕ ਤੜਾਗ ਹੈ ਵੇ
ਜੋਗ ਦੱਸ ਖਾਂ ਕਿਧਰੋਂ ਹੋਯਾ ਪੈਦਾ ਕਿਥੋਂ ਹੋਯਾ ਸੰਨਯਾਸ ਬੈਰਾਗ ਹੈ ਵੇ
ਰਾਹ ਜੋਗ ਦੇ ਦੱਸ ਖਾਂ ਹੈਣ ਕਿਤਨੇ ਕਿੱਥੋਂ ਨਿਕਲਿਆ ਜੋਗ ਦਾ ਰਾਗ ਹੈ ਵੇ
ਇਹ ਖਪਰੀ ਸੇਲ੍ਹੀਆਂ ਨਾਦ ਕਿੱਥੋਂ ਕਿਸ ਬੱਧੀਆ ਜਟਾਂ ਦੀ ਪਾਗ ਹੈ ਵੇ
ਵਾਰਸਸ਼ਾਹ ਭਬੂਤ ਕਿੱਸ ਕਢਿਆ ਈ ਕਿਥੋਂ ਨਿੱਕਲੀ ਪੂਜਣੀ ਆਗ ਹੈ ਵੇ

ਜਵਾਬ ਜੋਗੀ

ਮਹਾਂ ਦੇਵ ਤੋਂ ਜੋਗ ਦਾ ਪੰਥ ਬਣਿਆ ਦੇਵਦੱਤ ਗੁਰੂ ਸੰਨਯਾਸੀਆਂ ਦਾ
ਰਾਮਾਨੰਦ ਤੋਂ ਸੱਭ ਬੈਰਾਗ ਹੋਯਾ ਸ੍ਰੀ ਚੰਦ ਹੈ ਗੁਰੂ ਉਦਾਸੀਆਂ ਦਾ
ਸੁਥਰਾ ਸੁਥਰਿਆਂ ਦਾ ਗੁਰੂ ਪ੍ਰੇਮ ਜੋਤੀ ਸ਼ਾਹ ਮਗਨਮ ਮੁਧੇਸ ਉਭਾਸੀਆਂ ਦਾ
ਬ੍ਰਹਮਾ ਬ੍ਰਾਹਮਣਾਂ ਦਾ ਰਾਮ ਹਿੰਦੂਆਂ ਦਾ ਅਤੇ ਬਿਸ਼ਨ ਮਹੇਸ਼ ਸਭਰਾਸੀਆਂ ਦਾ
ਹਜ਼ਰਤ ਸਯਦ ਜਲਾਲ ਜਲਾਲੀਆਂ ਦਾ ਤੇ ਅਵੀਸ ਕਰਨੀ ਖੁਲ੍ਹੇ ਕਾਸੀਆਂ ਦਾ
ਜਿਵੇਂ ਸ਼ਾਹਮਦਾਰ ਮਦਾਰੀਆਂ ਦਾ ਤੇ ਨਸਾਰ ਅਨਸਾਰੀਆਂ ਤਾਸੀਆਂ ਦਾ
ਅਤੇ ਸ਼ਾਹ ਵੈਰਾਗ ਵੈਰਾਗੀਆਂ ਦਾ ਸ੍ਰੀ ਕ੍ਰਿਸ਼ਨ ਭਗਵਾਨ ਉਭਾਸੀਆਂ ਦਾ
ਹਾਜੀ ਨੌਸ਼ਹੁ ਜਿਵੇਂ ਨੌਸ਼ਾਹੀਆਂ ਦਾ ਅਤੇ ਭਗਤ ਕਬੀਰ ਜੁਲਾਸੀਆਂ ਦਾ
ਦਸਤਗੀਰ ਦਾ ਸਿਲਸਲਾ ਕਾਦਰੀ ਹੈ ਅਤੇ ਫ਼ਰੀਦ ਹੈ ਚਿਸਤ ਅਭਾਸੀਆਂ ਦਾ
ਸ਼ੇਖ ਟੀਹਰ ਹੈ ਪੀਰ ਜੋ ਮੋਚੀਆਂ ਦਾ ਲੁਕਮਾਨ ਲੁਹਾਰ ਤਰਖਾਸੀਆਂ ਦਾ
ਨਾਮਦੇਵ ਗੁਰੂ ਸੱਭ ਛੀਂਬਿਆਂ ਦਾ ਸ਼ਾਹ ਸ਼ੰਮਸ ਸੁਨਿਆਰਿਆਂ ਚਾਸੀਆਂ ਦਾ
ਨਬੀ ਪੀਰ ਹੈ ਆਲਮਾਂ ਸਾਰਿਆਂ ਦਾ ਇਲਮ ਪੀਰ ਹੈ ਸੱਭ ਮਲਵਾਸੀਆਂ ਦਾ
ਖੁਆਜਾ ਖਿਜਰ ਹੈ ਪੀਰ ਮੁਹਾਣਿਆਂ ਦਾ ਨਕਸ਼ਬੰਦ ਮੁਗ਼ਲਾਂ ਚੁਗਤਾਸੀਆਂ ਦਾ
ਸਰਵਰ ਸਖੀ ਭਰਾਈਆਂ ਸੇਵਕਾਂ ਦਾ ਲਾਲ ਬੇਗ ਹੈ ਚੂੜਿਆਂ ਖਸੀਆਂ ਦਾ
ਨੱਲ ਰਾਜਾ ਹੈ ਗੁਰੂ ਜੁਆਰੀਆਂ ਦਾ ਸ਼ੰਮਸ ਪੀਰ ਸੁਨਿਆਰਿਆਂ ਹਾਸੀਆਂ ਦਾ