ਪੰਨਾ:ਹੀਰ ਵਾਰਸਸ਼ਾਹ.pdf/196

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮੪)

ਹੁਕਮ ਰੱਬ ਦੇ ਨਾਲ ਮੈਂ ਇੱਕ ਬੂਟੀ ਜੜ੍ਹਾਂ ਤੀਕ ਤੇ ਪੁੱਟ ਲਿਆਉਣੀ ਏਂ
ਬਹੁਤਾ ਬੋਲਣੇ ਦਾ ਨਾਹੀਂ ਨਫ਼ਾ ਕੋਈ ਅਸਾਂ ਨੇੜਿਓਂ ਗੱਲ ਮੁਕਾਉਣੀ ਏਂ
ਵਾਰਸਸ਼ਾਹ ਮੀਆਂ ਗੱਲ ਓਹ ਕਰੀਏ ਜਿਹੜੀ ਕੰਮ ਕਿਆਮਤੇ ਆਉਣੀ ਏਂ

ਤਥਾ

ਕੋਈ ਅਸਾਂ ਜੇਹਾ ਵਲੀ ਸਿੱਧ ਨਾਹੀਂ ਨਜ਼ਰ ਆਉਂਦਾ ਜੁਗ ਜ਼ਹੂਰ ਜੇਹਾ
ਦਸਤਾਰ ਰਜਵਾੜਿਓਂ ਖ਼ੂਬ ਆਵੇ ਅਤੇ ਬਾਫ਼ਤਾ ਨਹੀਂ ਕਸੂਰ ਜੇਹਾ
ਹੋਰ ਲੱਖ ਪਹਾੜ ਨੇ ਜ਼ਿਮੀਂ ਉਤੇ ਰੁਤਬਾ ਕਿਸੇ ਦਾ ਨਹੀਂ ਕੋਹਤੂਰ ਜੇਹਾ
ਦਾਨ ਦੇਣ ਦੇ ਜੇਡ ਨਾ ਅਮਲ ਕੋਈ ਜ਼ਿਕਰ ਰੱਬ ਦੇ ਜੇਡ ਨਾ ਨੂਰ ਜੇਹਾ
ਕਸ਼ਮੀਰ ਜੇਹਾ ਕੋਈ ਮੁਲਕ ਨਾਹੀਂ ਨਾਹੀਂ ਚਾਨਣਾ ਚੰਦ ਦੇ ਨੂਰ ਜੇਹਾ
ਅਗੇ ਨਜ਼ਰ ਦੇ ਮਜ਼ਾ ਮਾਸ਼ੂਕ ਦਾ ਏ ਅਤੇ ਢੋਲ ਸੁਹਾਉਂਦਾ ਦੂਰ ਜੇਹਾ
ਨਹੀਂ ਰੰਨ ਕੁਲੱਕੜੇ ਤੁਧ ਜੇਹੀ ਨਾਹੀਂ ਜਲਜਲਾ ਹਸ਼ਰ ਦੇ ਤੂਰ ਜੇਹਾ
ਸਹਿਤੀ ਜੇਡ ਨਾ ਹੋਰ ਝਗੜੇਲ ਕੋਈ ਅਤੇ ਸੋਹਣਾ ਹੋਰ ਨਾ ਹੂਰ ਜੇਹਾ
ਸਹਿਜ ਸ਼ਬਦਿਆਂ ਜੇਡ ਨਾ ਭਲਾ ਕੋਈ ਬੁਰਾ ਨਾਹੀਂ ਜੋ ਕੰਮ ਫ਼ਤੂਰ ਜੇਹਾ
ਖੇੜਿਆਂ ਜੇਡ ਨਾ ਨੇਕ ਨਸੀਬ ਕੋਈ ਕੋਈ ਥਾਉਂ ਨਾ ਬੈਤ ਮਾਮੂਰ ਜੇਹਾ
ਸੈਦੇ ਜੇਡ ਨਹੀਂ ਸੀਨਾ ਸਰਦ ਕੋਈ ਕੋਈ ਥਾਉਂ ਨਾ ਗਰਮ ਤਨੂਰ ਜੇਹਾ
ਨਬੀ ਪਾਕ ਜਿਹਾ ਮੁਰਸ਼ਦ ਇੱਕ ਨਾਹੀਂ ਨਹੀਂ ਤਵਾਜਿਆ ਖਾਸ ਹਜ਼ੂਰ ਜੇਹਾ
ਗੁਸੇ ਜੇਡ ਨਾਹੀਂ ਕੌੜੀ ਚੀਜ਼ ਕੋਈ ਮਿੱਠਾ ਯਾਰ ਦੇ ਲਬਾਂ ਦਾ ਬੂਰ ਜੇਹਾ
ਤੰਦਰੁਸਤੀ ਜੇਡ ਨਹੀਂ ਕੋਈ ਨਿਆਮਤ ਮੰਦਾ ਦੁੱਖ ਨਾ ਘਾਉ ਨਬੂਰ ਜੇਹਾ
ਅਫ਼ਜ਼ਲ ਨਹੀਂ ਕਲਾਮ ਕੁਰਾਨ ਜੇਹੀ ਅਤੇ ਚੁਪ ਨਾ ਅਹਿਲ ਕਬੂਲ ਜੇਹਾ
ਆਸ਼ਤ ਵਾਂਗ ਨਾ ਚੌੜ ਚੁਪੱਟ ਕੋਈ ਦੂਰਅੰਦੇਸ਼ ਨਾ ਅਕਲ ਸ਼ਊਰ ਜੇਹਾ
ਹਜ਼ਰਤ ਜਿਹਾ ਕੋਈ ਕਿਸ਼ਤੀਬਾਨ ਨਾਹੀਂ ਲੰਘਣ ਪਾਰ ਨਾ ਪਹਿਲੜੇ ਪੂਰ ਜੇਹਾ
ਨੇਕੋਕਾਰ ਨਾ ਵਾਂਗ ਹੁਸੈਨ ਕੋਈ ਬਦਕਾਰ ਨਾ ਸ਼ਿਮਰ ਲੰਗੂਰ ਜੇਹਾ
ਦਰਦਮੰਦ ਨਾ ਫ਼ਾਤਮਾ ਜੇਡ ਕੋਈ ਪੁੱਤਰ ਨਹੀਂ ਅਬਾਸ ਸਪੂਰ ਜੇਹਾ
ਪੰਜ ਤੱਨ ਦੇ ਜੇਡ ਨਾ ਬੈਅਤ ਕੋਈ ਸ਼ਾਨ ਫ਼ਕਰ ਦੀ ਨੂਰ ਜ਼ਹੂਰ ਜੇਹਾ
ਸ਼ਕਰਗੰਜ ਦੇ ਜੇਡ ਨਾ ਜ਼ਾਹਦ ਕੋਈ ਮਸ਼ਾਹੂਰ ਫ਼ਕੀਰ ਅਬੂਰ ਜੇਹਾ
ਮਲਵਾਣਿਆਂ ਜੇਡ ਬਖੀਲ ਨਾਹੀਂ ਖੁਸ਼ ਖ਼ਲਕ ਸਾਦਾਕ ਸਾਬੂਰ ਜੇਹਾ
ਅਲੀ ਵਾਂਗ ਨਾ ਸਖੀ ਦਲੇਰ ਕੋਈ ਪਹਿਲਵਾਨ ਨਾ ਮਰਦ ਮਸ਼ਹੂਰ ਜੇਹਾ
ਕੈਦੋ ਜੇਡ ਨਾ ਹੋਰ ਮਕਾਰ ਕੋਈ ਅਤੇ ਰੱਦ ਸ਼ੈਤਾਨ ਮਗ਼ਰੂਰ ਜੇਹਾ