ਪੰਨਾ:ਹੀਰ ਵਾਰਸਸ਼ਾਹ.pdf/182

ਇਹ ਸਫ਼ਾ ਪ੍ਰਮਾਣਿਤ ਹੈ

(੧੭੦)

ਕਾਈ ਆਖਦੀ ਵਹੁਟੜੀ ਵੇਖਣੇ ਨੂੰ ਕਿੰਗ ਨਾਲ ਇਹ ਰਾਗ ਸੁਣਾਉਂਦਾ ਏ
ਕਾਈ ਆਖਦੀ ਪੁੱਤ ਏ ਪੈਂਚ ਦਾ ਏ ਵਾਂਗ ਰਾਂਝਣੇ ਦੇ ਦਿੱਸ ਆਉਂਦਾ ਏ
ਕਾਈ ਆਖਦੀ ਚਾਕ ਇਹ ਸੱਜਰਾ ਏ ਇਸ਼ਕ ਮੁਸ਼ਕ ਦਾ ਭੇਤ ਛੁਪਾਉਂਦਾ ਏ
ਆਸ਼ਕ ਕਿਸੇ ਦੀ ਗਲ ਨਾ ਗੌਲਦਾ ਏ ਚੁੱਪ ਕੀਤੜਾ ਵਕਤ ਲੰਘਾਉਂਦਾ ਏ
ਕਾਣੀ ਦੇ ਗਾਲੀ ਧਾੜੇ ਮਾਰ ਫਿਰਦਾ ਕੋਈ ਬੋਲਦੀ ਜੋ ਮਨ ਭਾਉਂਦਾ ਏ
ਕਾਈ ਆਖਦੀ ਲੁੱਚ ਮਸ਼ਟੰਡੜਾ ਏ ਜੋਗੀ ਹੱਸ ਕੇ ਗਲ ਗੁਆਉਂਦਾ ਏ
ਕਾਈ ਆਖਦੀ ਮਸਤ ਦੀਵਾਨੜਾ ਏ ਚੋਰਾਂ ਚੋਰਾਂ ਵਾਂਗ ਦਿਸ ਆਉਂਦਾ ਏ
ਕਾਈ ਆਖਦੀ ਕਿਸੇ ਦੀ ਲਟਕ ਲੱਗੀ ਰੰਗ ਰੰਗ ਦੇ ਗਾਉਣੇ ਗਾਉਂਦਾ ਏ
ਕਾਈ ਅੱਖਦੀ ਚੋਰ ਓਧਾਲ ਫਿਰਦਾ ਸੂਹਾ ਚੋਰਾਂ ਦਾ ਕਿਸੇ ਗਰਾਉਂਦਾ ਏ
ਕਾਈ ਆਖਦੀ ਗੁੰਡੀਆਂ ਅੱਖੀਆਂ ਨੀ ਰਮਜ਼ਾਂ ਗੁੱਝੀਆਂ ਨਾਲ ਲੜਾਉਂਦਾ ਏ
ਲੜੇ ਭਿੜੇ ਤੇ ਗਾਲ੍ਹੀ ਦੇ ਲੋਕਾਂ ਠਠੇ ਮਾਰਦਾ ਲੋੜ੍ਹ ਕਮਾਉਂਦਾ ਏ
ਕਾਈ ਆਖਦੀ ਚਰਸ ਦਾ ਮਾਰ ਸੂਟਾ ਆਨੇ ਨਾਲ ਉਗਾਲ ਵਖਾਉਂਦਾ ਏ
ਆਟਾ ਕਣਕ ਦਾ ਤੇ ਘੇਉ ਲਏ ਬਹੁਤਾ ਦਾਣਾ ਟੁੱਕੜਾ ਗੋਦ ਨਾ ਪਾਉਂਦਾ ਏ
ਕੋਈ ਮਿੰਨਤਾਂ ਕਰੇ ਤੇ ਚਰਨ ਚੁੰਮੇ ਕੋਈ ਨਿਉਂਕੇ ਸੀਸ ਨਿਵਾਉਂਦਾ ਏ
ਸਿਦਕ ਨਾਲ ਜਿਹੜਾ ਪੈਰੀਂ ਆਣ ਲਗੇ ਬੇੜੇ ਓਸਦੇ ਨੂੰ ਬੰਨੇ ਲਾਉਂਦਾ ਏ
ਕਿਸੇ ਨਾਲ ਹੱਸਦਾ ਕਿਸੇ ਨਾਲ ਲੜਦਾ ਵੱਡੇ ਰੰਗ ਤੇ ਰਾਗ ਮਚਾਉਂਦਾ ਏ
ਛੂ ਛੂ ਕਰਦਾ ਨਾਲੇ ਵੱਟ ਧਾਗੇ ਤੁਕੇ ਤੀਰ ਇਹ ਵੱਡੇ ਚਲਾਉਂਦਾ ਏ
ਕਾਈ ਆਖਦੀ ਚਾਲ ਉਧਾਲ ਫਿਰਦਾ ਰੰਨ ਕਿਸੇ ਦੀ ਇਹ ਖਿਸਕਾਉਂਦਾ ਏ
ਏਸ ਕਦੇ ਨਾ ਖੈਰ ਗੁਜ਼ਾਰਨੀਏਂ ਇਹਦਾ ਤੌਰ ਭੈੜਾ ਨਜ਼ਰ ਆਉਂਦਾ ਏ
ਦਰਸ਼ਨ ਮੁੱਖਦਾ ਮੰਗਣਾ ਭੀਖ ਸਾਡੀ ਇਹੋ ਜਿਹੇ ਇਹ ਸੁਖਨ ਸੁਣਾਉਂਦਾ ਏ
ਵਾਰਸਸ਼ਾਹ ਰੰਝੇਟੜਾ ਚੰਦ ਚੜ੍ਹਿਆ ਘਰੋ ਘਰੀ ਮੁਬਾਰਕਾਂ ਲਿਆਉਂਦਾ ਏ

ਕਲਾਮ ਜੋਗੀ

ਆ ਵੜੇ ਹਾਂ ਉਜੜੇ ਪਿੰਡ ਅੰਦਰ ਕਾਈ ਕੁੜੀ ਨਾ ਤਿੰਞਣੀ ਗਾਉਂਦੀ ਏ
ਨਾਂਹ ਕਿਲਕਲੀ ਪਾਉਂਦੀ ਨਾ ਸੰਮੀ ਪਬੀ ਮਾਰ ਨਾ ਧਰਤ ਕਬਾਉਂਦੀ ਏ
ਸੂਈ ਕਢਣੇ ਦਾ ਕਿਸੇ ਵਲ ਨਾਹੀਂ ਨਾ ਤੇ ਵੇਲਨੇ ਚੀਕ ਮਚਾਉਂਦੀ ਏ
ਮਾਘਾ ਮਾਰਕੇ ਯਾਰ ਦਾ ਪਿਆਰ ਕਰਕੇ ਨਹੀਂ ਕਾਗ ਤੇ ਮੋਰ ਉਡਾਉਂਦੀ ਏ
ਨਹੀਂ ਝਹੇਟੜੀ ਦਾ ਗੀਤ ਗਾਂਦੀਆਂ ਨੇ ਤੇ ਗੜਿੱਦੜਾ ਕੋਈ ਨਾ ਪਾਉਂਦੀ ਏ
ਵਾਰਸਸ਼ਾਹ ਛੱਡ ਜਾਈਏ ਇਹ ਨਗਰੀ ਐਸੀ ਤਬਾ ਫ਼ਕੀਰ ਦੀ ਆਉਂਦੀ ਏ