ਪੰਨਾ:ਹੀਰ ਵਾਰਸਸ਼ਾਹ.pdf/181

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੯)

ਹੁਣੇ ਆਉਂਦਾ ਭਿੱਖਿਆ ਮੰਗਣੇ ਨੂੰ ਵਜਹ ਸ਼ੇਰ ਦੇ ਵਾਂਗ ਦੀਦਾਰ ਹੀਰੇ
ਸੋਹਣਾ ਖੂਬਸੂਰਤ ਕੋਈ ਛੈਲ ਨੱਢਾ ਪਿਆ ਜਾਪਦਾ ਪੁਤ ਸਰਦਾਰ ਹੀਰੇ
ਅਸਾਂ ਤਬਹ ਦਾ ਆਨ ਬਿਆਨ ਕੀਤਾ ਕੀਤੀ ਗਲ ਨੂੰ ਨਾਂਹ ਖਲਾਰ ਹੀਰੇ
ਅਸਾਂ ਨਾਲ ਮੁਦੱਪੜਾ ਚਾਇਆ ਈ ਭੋਰੇ ਬੈਠਿਆਂ ਹੋਵੇਂਗੀ ਖ਼ੁਆਰ ਹੀਰੇ
ਤੇਰੇ ਇਸ਼ਕ ਨੂੰ ਜਾਣਦਾ ਜੱਗ ਸਾਰਾ ਕਿਉਂ ਹੁੰਨੀ ਏਂ ਆਪ ਮੁਰਦਾਰ ਹੀਰੇ
ਘਰੀਂ ਬੈਠਿਆਂ ਤੋਲ ਤੇ ਭਾਰ ਹੈ ਨੀ ਹੁੰਦਾ ਕੱਖ ਤੋਂ ਲੱਖ ਦਾ ਭਾਰ ਹੀਰੇ
ਆ ਵਾਸਤਾ ਰਬ ਦਾ ਜਾਣ ਦੇ ਨੀ ਮੂੰਹੋਂ ਬੋਲ ਨੂੰ ਪਕੜ ਨਾ ਮਾਰ ਹੀਰੇ
ਸਾਨੂੰ ਰੱਬ ਨੇ ਸੱਚਿਆਂ ਆਖਣਾ ਏਂ ਆਵੇ ਜੋਗੀ ਓਹ ਝੱਬ ਦਰਬਾਰ ਹੀਰੇ
ਵਾਰਸਸ਼ਾਹ ਦੀ ਮੰਨ ਤੂੰ ਸ਼ੀਰਨੀ ਨੂੰ ਹਾਸਲ ਝੱਬ ਹੋਵੇ ਤੇਰਾ ਯਾਰ ਹੀਰੇ

ਕਲਾਮ ਹੀਰ

ਮਕਰ ਨਿਕੀਆਂ ਹੁੰਦੀਆਂ ਸਿੱਖੀਆਂ ਏ ਹੁਣ ਨਚੀਆਂ ਮੂੰਹ ਤੋਂ ਟਾਲ ਲੋਈ
ਕੁਲਾਂ ਤਾਰਸੋ ਅਗਲਿਆਂ ਪਿਛਲਿਆਂ ਦੀ ਜਿਥੇ ਵੜੋਗੀਆਂ ਹੋਣ ਨਿਹਾਲ ਸੋਈ
ਵਿੱਚੋਂ ਹਿਜ਼ਰ ਨੇ ਸੀ ਅਵਾਜ਼ਾਰ ਕੀਤੀ ਉਤੋਂ ਬੋਲੀਆਂ ਤੋਂ ਬੁਰੇ ਹਾਲ ਹੋਈ
ਦਿਲ ਹੀਰ ਦੇ ਫੇਰ ਖਿਆਲ ਆਯਾ ਹੁਣ ਸਜਰੇ ਯਾਰ ਦੀ ਭਾਲ ਹੋਈ
ਆਈ ਨੀਂਦ ਤਾਂ ਉਠ ਦਰਾਜ਼ ਹੋਈ ਸ਼ਕਲ ਰਾਂਝੇ ਦੇ ਨਾਲ ਵਸਾਲ ਹੋਈ
ਵਾਰਸਸ਼ਾਹ ਘਰ ਮਹਿਰ ਦੇ ਜਾਵਣੇ ਦੀ ਓਧਰ ਜੋਗੀ ਦੇ ਹਿਰਦੇ ਫਾਲ ਹੋਈ

ਜੋਗੀ ਦਾ ਖੇੜਿਆਂ ਵਿਚ ਗਜ਼ੇ ਚੜ੍ਹਨਾ

ਰਾਂਝਾ ਖੱਪਰੀ ਪਕੜ ਗਦਾ ਚੜ੍ਹਿਆ ਸਿੰਙੀ ਦੁਆਰ ਹੀ ਦੁਆਰ ਵਜਾਉਂਦਾ ਏ
ਉਠੋ ਖੈਰ ਖਤੋ ਵਿਹੜੇ ਵਾਲੀਓ ਨੀ ਨਾਦ ਫੂਕ ਕੇ ਪਿਆ ਅੜਾਉਂਦਾ ਏ
ਕੋਈ ਦੇ ਸੀਧਾ ਕੋਈ ਦੇ ਟੁਕੜ ਕੋਈ ਥਾਲ ਪਰੋਸ ਲਿਆਉਂਦਾ ਏ
ਕਾਈ ਆਖਦੀ ਮੁੱਖ ਥੀਂ ਬਚਨ ਉਚਰੋ ਜੋਗੀ ਦੁਆ ਅਸੀਸ ਸੁਣਾਉਂਦਾ ਏ
ਕੋਈ ਆਖਦੀ ਜੋਗੀੜਾ ਨਵਾਂ ਆਯਾ ਕੋਈ ਰੋਹ ਦੀਆਂ ਭਵਾਂ ਚੜਾਉਂਦਾ ਏ
ਕਾਈ ਪੁਣੇ ਦਾਦੇ ਸਤਪੀੜ੍ਹੀਆਂ ਨੂੰ ਗੁੱਸਾ ਜੀਉ ਤੇ ਮੂਲ ਨਾ ਲਿਆਉਂਦਾ ਏ
ਕਾਈ ਜੋੜ ਕੇ ਹੱਥ ਤੇ ਕਰ ਮਿੰਨਤਾਂ ਸਾਨੂੰ ਆਸਰਾ ਫ਼ਕਰ ਦੇ ਨਾਉਂਦਾ ਏ
ਕਾਈ ਆਖਦੀ ਮਸਤਿਆ ਚਾਕ ਫਿਰਦਾ ਨਾਲ ਮਸਤੀਆਂ ਪਾਟਦਾ ਜਾਉਂਦਾ ਏ
ਕਾਈ ਆਖਦੀ ਚੋਰ ਉਚੱਕੜਾ ਏ ਚੋਰਾਂ ਵਾਂਗ ਇਹ ਝਾਤੀਆਂ ਪਾਉਂਦਾ ਏ
ਰੰਨਾਂ ਵੇਖਣੇ ਦੀ ਇਹਨੂੰ ਠਰਕ ਲੱਗੀ ਕਾਈ ਹੁਣੇ ਉਧਾਲ ਲੈ ਜਾਉਂਦਾ ਏ
ਸੂਰਤ ਫ਼ਕਰ ਦੀ ਅੱਖੀਆਂ ਗੁੰਡੀਆਂ ਨੀ ਨਾਲ ਮਕਰ ਦੇ ਫ਼ਕਰ ਦਿਖਾਉਂਦਾ ਏ
ਮਕਰ ਨਾਲ ਮਲੀ ਸਵਾਹ ਮੁਖੜੇ ਤੇ ਕੋਈ ਚੌਧਰੀ ਜ਼ਾਤ ਝਨਾਉਂਦਾ ਏ