ਪੰਨਾ:ਹੀਰ ਵਾਰਸਸ਼ਾਹ.pdf/171

ਇਸ ਸਫ਼ੇ ਨੂੰ ਪਰੂਫ਼ਰੀਡ ਕਰਨ ਦੀ ਜ਼ਰੂਰਤ ਨਹੀਂ ਹੈ

(੧੫੯)

ਗਏ ਟੁਟ ਪਰਾਣ ਤੇ ਅਕਲ ਡੁੱਬੀ ਮੇਰੇ ਧੁੱਖ ਕਲੇਜਣੇ ਪਈ ਜੇ ਨੀ
ਕੀਕੂੰ ਕੰਨ ਪੜਾਇਕੇ ਜੀਉਂਦਾ ਏ ਗੱਲਾਂ ਸੁਣਦਿਆਂ ਈ ਜਿੰਦ ਗਈ ਜੇ ਨੀ
ਉਦਾ ਦੁਖੜਾ ਰੋਵਣਾ ਜਦੋਂ ਸੁਣਿਆ ਮੁੱਠੀ ਮੀਟ ਕੇ ਮੈਂ ਬਹਿ ਗਈ ਜੇ ਨੀ
ਮਸੂ ਭਿੰਨੜਾ ਨਾਮ ਜੋ ਲੈਂਦੀਆਂ ਨੇ ਜਿੰਦ ਸੁਣਦਿਆਂ ਈਂ ਨਿਕਲ ਗਈ ਜੇ ਨੀ
ਕਿਵੇਂ ਵੇਖੀਏ ਓਸ ਮਸਤਾਨੜੇ ਨੂੰ ਜੈਂਦੀ ਧੁੰਮ ਤ੍ਰਿੰਝਣੀਂ ਪਈ ਜੇ ਨੀ
ਵੇਖਾਂ ਕਿਹੜੇ ਦੇਸ਼ ਦਾ ਏਹ ਜੋਗੀ ਉਸ ਤੋਂ ਕੌਣ ਪਿਆਰੀ ਰੁੱਸ ਗਈ ਜੇ ਨੀ
ਅੱਕ ਪੋਸਤ ਧਤੂਰਾ ਤੇ ਭੰਗ ਪੀ ਕੇ ਮੌਤ ਓਸ ਨੇ ਕਿਉਂ ਮੁਲ ਲਈ ਜੇ ਨੀ
ਜਿਸ ਦਾ ਮਾਉਂ ਨਾ ਬਾਪ ਨਾ ਭੈਣ ਭਾਈ ਕੌਣ ਕਰੇਗਾ ਓਸ ਦੀ ਸਹੀ ਜੇ ਨੀ
ਸੋਹਣਾ ਰੂਪ ਅਨੂਪ ਗਵਾਇਆ ਸੂ ਉਹ ਮੋਇਆ ਤੇ ਮੈਂ ਮਰ ਗਈ ਜੇ ਨੀ
ਓਦੀਆਂ ਸੇਲ੍ਹੀਆਂ ਉਤੋਂ ਮੈਂ ਘੋਲ ਘਤੀ ਵਾਰ ਵਾਰ ਸਦੱਕੜੇ ਗਈ ਜੇ ਨੀ
ਹਾਇ ਹਾਇ ਮੁੱਠੀ ਓਹਦੀ ਗੱਲ ਸੁਣਕੇ ਮੈਂ ਤਾਂ ਨਿਘਰਾ ਬੋਲ ਹੋ ਗਈ ਜੇ ਨੀ
ਭਾਵੇਂ ਦੁਖੜਾ ਰਾਹ ਵਿਚ ਰਹੇ ਢਠਾ ਕਿਸੇ ਖਬਰ ਨਾ ਓਸਦੀ ਲਈ ਜੇ ਨੀ
ਜੈਂਦਾ ਚੰਦ ਪੁਤਰ ਸਵਾਹ ਲਾ ਬੈਠਾ ਦਿੱਤਾ ਰੱਬ ਦਾ ਨਾਂ ਸਹਿ ਗਈ ਜੇ ਨੀ
ਜਿਦ੍ਹਾ ਵੀਰ ਅਮੀਰ ਫ਼ਕੀਰ ਹੋਯਾ ਭੈਣ ਓਸਦੀ ਜੀਉਂਦੀ ਰਹੀ ਜੇ ਨੀ
ਜਿਸ ਨਾਰ ਦਾ ਕੌਂਤ ਫ਼ਕੀਰ ਹੋਯਾ ਤ੍ਰਟੀ ਓਸ ਦੀ ਚੌੜ ਹੋ ਗਈ ਜੇ ਨੀ
ਗਲੀਆਂ ਵਿਚ ਦਿਵਾਨੜੀ ਹੋਗ ਫਿਰਦੀ ਸੀਨੇ ਘਾ ਫ਼ਿਰਾਕ ਸਹਿ ਗਈ ਜੇ ਨੀ
ਜਿਸਦੇ ਸੋਹਣੇ ਯਾਰ ਦੇ ਕੰਨ ਪਾਟੇ ਓਹ ਤਾਂ ਨੱਢੜੀ ਚੌੜ ਹੋ ਗਈ ਜੇ ਨੀ
ਅੜੀਓ ਰੋਂਵਦੀ ਰਹੇਗੀ ਉਮਰ ਸਾਰੀ ਜੋਗੀ ਯਾਰ ਹੋਯਾ ਮਰ ਗਈ ਜੇ ਨੀ
ਨਾਹੀਂ ਰੱਬ ਦੇ ਗਜ਼ਬ ਥੀਂ ਲੋਕ ਡਰਦੇ ਮੱਥੇ ਲੇਖ ਦੀ ਰੇਖ ਵਹਿ ਗਈ ਜੇ ਨੀ
ਵਾਰਸਸ਼ਾਹ ਫਿਰਦਾ ਦੁਖਾਂ ਨਾਲ ਭਰਿਆਖਲਕਤ ਮਗ਼ਰ ਕਿਉਂ ਓਸਦੇ ਪਈ ਜੇ ਨੀ

ਹੀਰ ਦਾ ਅਫਸੋਸ ਕਰਨਾ

ਰੱਬ ਝੂਠ ਨਾ ਕਰੇ ਜੇ ਹੋਵੇ ਰਾਂਝਾ ਤਾਂ ਮੈਂ ਚੌੜ ਹੋਵੀ ਮੈਨੂੰ ਪੱਟਿਆ ਸੂ
ਅੱਗੇ ਅੱਗ ਫ਼ਿਰਾਕ ਦੀ ਸਾੜ ਸੁੱਟੀ ਸੜੀ ਬਲੀ ਨੂੰ ਫੇਰ ਕਿਉਂ ਪੱਟਿਆ ਸੂ
ਮੇਰੇ ਵਾਸਤੇ ਦੁਖੜੇ ਫਿਰੇ ਜਰਦਾ ਲੋਹਾ ਤਾ ਜੀਭੇ ਨਾਲ ਚੱਟਿਆ ਸੂ
ਨਾਲੇ ਰੰਨ ਗਈ ਨਾਲੇ ਕੰਨ ਪਾਟੇ ਆਖ ਇਸ਼ਕ ਥੀਂ ਨਫ਼ਾ ਕੀ ਖੱਟਿਆ ਸੂ
ਖ਼ੂਨ ਜਿਗਰ ਦਾ ਇਸ਼ਕ ਦੇ ਖੇਤ ਅੰਦਰ ਛਜਲੀ ਨੈਣਾਂ ਦੀ ਪਾਕੇ ਛੱਟਿਆ ਸੂ
ਕਦਮ ਰੱਖਦਾ ਸੀ ਵਿੱਚ ਦਾਨਿਆਂ ਦੇ ਛੱਜ ਛਾਨਣੀ ਪਾ ਮੈਨੂੰ ਛੱਟਿਆ ਸੂ
ਇਹ ਰੰਝੇਟੜਾ ਫੁੱਲ ਗੁਲਾਬ ਦਾ ਸੀ ਮੇਰੇ ਹਿਜ਼ਰ ਅੰਦਰ ਜੋਬਨ ਲੁੱਟਿਆ ਸੂ