ਪੰਨਾ:ਹੀਰ ਵਾਰਸਸ਼ਾਹ.pdf/170

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੮)

ਵਿੱਚ ਤ੍ਰਿੰਵਣਾਂ ਗਾਉਂਦਾ ਫਿਰੇ ਭੌਂਦਾ ਅੰਤ ਓਸਦਾ ਕਿਸੇ ਨਾ ਪਾਇਆ ਨੀ
ਨੀਵੀਂ ਨਜ਼ਰ ਫਿਰਦਾ ਵਿਚ ਖੇੜਿਆਂ ਦੇ ਮਥੇ ਚਮਕਦਾ ਨੂਰ ਸਵਾਇਆ ਨੀ
ਗਲ ਸੇਲੀਆਂ ਅਤੇ ਮਹਿਰਾਬ ਮੱਥੇ ਬਾਣਾ ਫ਼ਕਰ ਦਾ ਖੂਬ ਸੁਹਾਇਆਂ ਨੀ
ਦਰਦ ਨਾਲ ਪੁਕਾਰਦਾ ਮੇਲ ਸਾਈਆਂ ਜਾਨੀ ਯਾਰ ਕੋਈ ਓਸ ਗਵਾਇਆ ਨੀ
ਇਬਰਾਹੀਮ ਅਦਮ ਦੇ ਵਾਂਗ ਜੋਗੀ ਤੱਨ ਖ਼ਾਕ ਦੇ ਵਿੱਚ ਰੁਲਾਇਆ ਨੀ
ਹੁਸਨ ਬਸਰੀ ਜਿਉਂ ਆਣਕੇ ਇਸ਼ਕ ਅੰਦਰ ਤੱਨ ਮੱਨ ਦੇ ਵਿਚ ਸਮਾਇਆ ਨੀ
ਲੋਭੀ ਦਿੱਸਦਾ ਏ ਕਿਸੇ ਚੀਜ਼ ਦਾ ਨੀ ਸਾਂਗ ਜੋਗੀਆਂ ਦਾ ਬਣ ਆਇਆ ਨੀ
ਮਿਰਜ਼ੇ ਸਾਹਿਬਾਂ ਨੇ ਵੇਖੋ ਇਸ਼ਕ ਪਿਛੇ ਚਾ ਆਪਣਾ ਆਪ ਕੁਹਾਇਆ ਨੀ
ਹਜ਼ਰਤ ਯੂਸਫਜ਼ੁਲੈਖਾਂ ਦੇ ਇਸ਼ਕ ਕਾਰਨ ਬਾਰਾਂ ਬਰਸ ਵਿੱਚ ਕੈਦ ਕਰਾਇਆ ਨੀ
ਕਾਮ ਰੂਪ ਤੇ ਦੁਸਰੀ ਕਾਮਲਿਟਾਂ ਨੇਹੁੰ ਲਾਇਕੇ ਨਫ਼ਾ ਕੀ ਪਾਇਆ ਨੀ
ਏਸ ਇਸ਼ਕ ਪਿਛੇ ਕੀਮਾਂ ਕਰਨ ਕੀ ਰੋਡਾ ਵੱਢਕੇ ਨਦੀ ਰੁੜ੍ਹਾਇਆ ਨੀ
ਗੁਰੁ ਨਾਥ ਦਾ ਓਸਨੇ ਨਾਮ ਲੈਕੇ ਪਿੰਡ ਵਿੱਚ ਆ ਨਾਦ ਵਜਾਇਆ ਨੀ
ਜਤੀ ਵਾਂਗ ਜਵਾਨ ਤੇ ਕਾਨ੍ਹ ਸੂਰਤ ਗੋਪੀ ਚੰਦ ਜਿਉਂ ਜੋਗ ਲੈ ਆਇਆ ਨੀ
ਸੱਸੀ ਵੇਖ ਲੌ ਆਣਕੇ ਇਸ਼ਕ ਅੰਦਰ ਲਾਲਚ ਨੀਂਦ ਨੇ ਯਾਰ ਵੰਜਾਇਆ ਨੀ
ਕੋਈ ਆਖਦੀ ਸੀ ਰਾਜਾ ਭਰਥਰੀ ਏ ਰਾਜ ਹੁਕਮ ਤਿਆਗ ਕੇ ਆਇਆ ਨੀ
ਫਿਰੇ ਵੇਖਦਾ ਵਹੁਟੀਆਂ ਛੈਲ ਕੁੜੀਆਂ ਮੰਨ ਕਿਸੇ ਤੇ ਨਾਂਹ ਭਰਮਾਇਆ ਨੀ
ਕਾਈ ਆਖਦੀ ਹੁਸਨ ਦਾ ਚੋਰ ਫਿਰਦਾ ਤਾਹੀਂ ਓਸਨੇ ਕੰਨ ਪੜਾਇਆ ਨੀ
ਕਾਈ ਝੰਗ ਸਿਆਲ ਦਾ ਆਖਦੀ ਏ ਕਾਈ ਕਹੇ ਹਜ਼ਾਰਿਓਂ ਆਇਆ ਨੀ
ਕਾਈ ਆਖਦੀ ਪ੍ਰੇਮ ਦੀ ਚਾਟ ਲੱਗੀ ਤਾਹੀਓਂ ਓਸਨੇ ਸੀਸ ਮੁਨਾਇਆ ਨੀ
ਕਾਈ ਆਖਦੀ ਕਿਸੇ ਦੇ ਇਸ਼ਕ ਪਿੱਛੇ ਬੰਦੇ ਲਾਹਕੇ ਮੁੰਦਰਾਂ ਪਾਇਆ ਨੀ
ਕਹਿਣ ਤਖ਼ਤ ਹਜ਼ਾਰੇ ਦਾ ਇਹ ਜੋਗੀ ਬਾਲਨਾਬ ਤੋਂ ਜੋਗ ਲਿਆਇਆ ਨੀ
ਕੋਈ ਕੁਝ ਆਖੇ ਕੋਈ ਕੁਝ ਆਖੇ ਆਸ਼ਕ ਇੱਕ ਨਾ ਚਿਤ ਤੇ ਲਾਇਆ ਨੀ
ਉਨਾਂ ਲੱਖ ਮੁਲ੍ਹਾਮਤਾਂ ਤੁਹਮਤਾਂ ਨੇ ਜਿਨ੍ਹਾਂ ਭਾਰ ਪ੍ਰੇਮ ਦਾ ਚਾਇਆ ਨੀ
ਕਾਈ ਆਖਦੀ ਏਹ ਤਾਂ ਨਹੀਂ ਜੋਗੀ ਹੀਰ ਵਾਸਤੇ ਕੰਨ ਪੜਾਇਆ ਨੀ
ਵਾਰਸਸ਼ਾਹ ਇਹ ਫ਼ਕਰ ਤਾਂ ਨਹੀਂ ਖਾਲੀ ਕਿਸੇ ਕਾਰਨੇ ਦੇ ਉਤੇ ਆਇਆ ਨੀ

ਰਾਂਝੇ ਦੀ ਖਬਰ ਸੁਣਕੇ ਹੀਰ ਨੇ ਰੋਣਾ

ਮੁਠੀ ਮੁਠੀ ਇਹ ਗਲ ਨਾ ਕਰੋ ਅੜੀਓ ਮੈਂ ਤਾਂ ਸੁਣਦਿਆਂ ਹੀ ਮਰ ਗਈ ਜੇ ਨੀ
ਤੁਸੀਂ ਇਹ ਜਦੋਕਣੀ ਗੱਲ ਕੀਤੀ ਖਲੀ ਤਲੀ ਹੀ ਮੈਂ ਰੁੜ੍ਹ ਗਈ ਜੇ ਨੀ