ਪੰਨਾ:ਹੀਰ ਵਾਰਸਸ਼ਾਹ.pdf/17

ਇਹ ਸਫ਼ਾ ਪ੍ਰਮਾਣਿਤ ਹੈ

(੧੩)

ਜਵਾਬ ਮੁਲਾਂ

ਅਸਾਂ ਫਿਕਾ ਅਸੂਲ ਨੂੰ ਸਹੀ ਕੀਤਾ ਗੈਰ ਸ਼ਰਹ ਮਰਦੂਦ ਨੂੰ ਮਾਰਨਾ ਈਂ
ਅਸਾਂ ਦਸਨੇ ਕੰਮ ਇਬਾਦਤਾਂ ਦੇ ਪੁਰਸਲਾਤ ਤੋਂ ਪਾਰ ਉਤਾਰਨਾ ਈਂ
ਫਰਜ਼ ਸੁੰਨਤਾਂ ਵਾਜਬਾਂ ਨਕਲ ਵਿਤਰਾਂ ਨਾਲ ਜਾਇਜ਼ਾਂ ਸੱਚ ਨਿਤਾਰਨਾ ਈਂ
ਵਾਰਸਸ਼ਾਹ ਨਿਮਾਜ਼ ਦੇ ਤਾਰਕਾਂ ਨੂੰ ਤਾਜ਼ਿਆਨਿਆਂ ਦੁਰਰਿਆਂ ਮਾਰਨਾ ਈਂ

ਮੁਲਾਂ ਨੂੰ ਰਾਂਝੇ ਨੇ ਤਾਹਨੇ ਮਾਰਨੇ

ਤੁਸੀਂ ਵਿੱਚ ਖ਼ੁਦਾ ਦੇ ਖ਼ਾਨਿਆਂ ਦੇ ਢਿੱਲੀ ਛਡਕੇ ਗੋਜ਼ ਕਿਉਂ ਮਾਰਦੇ ਹੋ
ਝੂਠ ਗੀਬਤਾਂ ਅਤੇ ਹਰਾਮ ਕਰਨਾ ਮੁਸ਼ਤਜ਼ਨੀ ਦੇ ਕੰਮ ਕਿਉਂ ਸਾਰਦੇ ਹੋ
ਸੋਹਣੀ ਸ਼ਕਲ ਨੂੰ ਦੇਖਕੇ ਭੂਤਦੇ ਹੋ, ਪਰਦੇ ਸ਼ਰਮ ਦੇ ਤੁਸੀਂ ਉਤਾਰਦੇ ਹੋ
ਅੰਨ੍ਹੇ ਕੋੜ੍ਹਿਆ ਲੂਲ੍ਹਿਆਂ ਵਾਂਗ ਬੈਠੇ ਕੁਰਾ ਮਰਨ ਜ਼ਹਾਨ ਦਾ ਸਾਰਦੇ ਹੋ
ਬਾਸ ਹਲਵਿਆਂ ਦੀ ਖ਼ਬਰ ਮੁਰਦਿਆਂ ਦੀ ਜੀਊਂਦੇ ਨਾਲ ਦੁਆ ਦੇ ਮਾਰਦੇ ਹੋ
ਸ਼ਰਹ ਚਾ ਸਰਪੋਸ਼ ਬਣਾਇਆ ਜੇ ਰਵਾਦਾਰ ਵੱਡੇ ਗੁਨਾਗਾਰ ਦੇ ਹੋ
ਪਿਛਲੀ ਰਾਤ ਜਾਂ ਭੁੱਖ ਦਾ ਵਕਤ ਹੁੰਦਾ ਉੱਠ ਹਾਲ ਹੀ ਹਾਲ ਪੁਕਾਰਦੇ ਹੋ
ਵਾਰਸਸ਼ਾਹ ਮੁਸਾਫਰਾਂ ਆਇਆਂ ਨੂੰ ਚਲੋ ਚੱਲ ਹੀ ਪਏ ਪੁਕਾਰ ਦੇ ਹੋ

ਜਵਾਬ ਮੁਲਾਂ

ਮੁਲਾਂ ਆਖਿਆ ਓ! ਨਾਮਾਕੂਲ ਜੱਟਾ ਫਰਜ਼ ਕੱਜ ਮਸੀਤ ਵਿਚ ਪੈਰ ਪਾਈਂ
ਫਜ਼ਰ ਹੋਈ ਤੋਂ ਅਗੋਂ ਹੀ ਉਠ ਐਥੋਂ ਸਿਰ ਕੱਜ ਕੇ ਮਸਜਦੋਂ ਨਿਕਲ ਜਾਈਂ
ਸੁਬਹ ਵਕਤ ਮਸੀਤ ਦੇ ਵਿੱਚ ਡਿਠੋਂ ਚਾਰ ਸੱਦ ਚੋਬਰ ਤੇਰੇ ਮਗਰ ਲਾਈਂ
ਤੂੰ ਤਾਂ ਬੇਵਾਕੂਫ਼ ਮਜ਼ਹੂਲ ਜੱਟਾ ਚੱਲ ਚੁਗਿਓਂ ਡੰਗਰਾਂ ਵਿਚ ਗਾਈਂ
ਘਰ ਰੱਬ ਦੇ ਨਾਲ ਨਾ ਬੰਨ੍ਹ ਝੇੜਾ ਅਜ਼ਗੈਬ ਦੀਆਂ ਹੁੱਜਤਾਂ ਨਾਂਹ ਉਠਾਈਂ
ਵਾਰਸਸ਼ਾਹ ਖ਼ੁਦਾਅ ਦੇ ਖਾਨਿਆਂ ਨੂੰ ਇਹ ਮੁਲਾਂ ਭੀ ਚੰਬੜੇ ਹੈਂ ਬਲਾਈਂ

ਮਕੂਲਾ ਸ਼ਾਇਰ

ਰਾਂਝੇ ਲੜਦਿਆਂ ਭਿੜਦਿਆਂ ਰਾਤ ਕੱਟੀ ਫਰਜ਼ ਹੋਈ ਤਾਂ ਉੱਠਕੇ ਧਾਇਆ ਈ
ਕਿਵੇਂ ਹੀਰ ਦਾ ਜਾ ਦੀਦਾਰ ਪਾਈਏ ਦਿੱਲ ਵਿੱਚ ਇਹ ਮੱਤਾ ਪਕਾਇਆ ਈ
ਮਾਰ ਬੋਲੀਆਂ ਭਾਬੀਆਂ ਕੱਢ ਦਿੱਤਾ ਅਸੀਂ ਦੇਸ ਤੇ ਵਤਨ ਭੁਲਾਇਆ ਈ
ਵਾਰਸ ਰੱਬ ਹੈ ਬੇਪਰਵਾਹ ਡਾਢਾ ਜਿਸ ਆਜਜ਼ਾਂ ਨੂੰ ਵਖਤ ਪਾਇਆ ਈ

ਰਾਂਝੇ ਨੇ ਮਸਜਦੋਂ ਰਵਾਨਾ ਹੋਣਾ

ਚਿੜੀ ਚਹਿਕਦੀ ਨਾਲ ਜਾਂ ਟੁਰੇ ਪਾਂਧੀ ਪਈਆਂ ਦੁਧ ਦੇ ਵਿੱਚ ਮਧਾਣੀਆਂ ਨੀ
ਸੂਬ੍ਹਾ ਸਾਦਕ ਹੋਈ ਜਦੋਂ ਸਾਫ਼ ਰੋਸ਼ਨ ਤਦੋਂ ਲਾਲੀਆਂ ਆਣ ਚਿਚਲਾਣੀਆਂ ਨੀ
ਇਕਨਾਂ ਉੱਠ ਕੇ ਰਿੜਕਣਾ ਪਾ ਦਿੱਤਾ ਇੱਕ ਧੋਂਦੀਆਂ ਫਿਰਨ ਵਧਾਣੀਆਂ ਨੀ