ਪੰਨਾ:ਹੀਰ ਵਾਰਸਸ਼ਾਹ.pdf/154

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੨)

ਹੋਯਾ ਰਿਜ਼ਕ ਉਦਾਸ ਤਾਂ ਗੱਲ ਹਿੱਲੀ ਮਾਪਿਆਂ ਵਿਆਹ ਦੇ ਚਾ ਅਸਲੂਬ ਕੀਤੇ
ਦਿਨਾਂ ਕੰਡ ਦਿੱਤੀ ਭਵੀਂ ਬੁਰੀ ਸਾਇਤ ਨਾਲ ਖੇੜਿਆਂ ਦੇ ਮਨਸੂਬ ਕੀਤੇ
ਪਿਆ ਵਖਤ ਜਾਂ ਜੋਗ ਵਿੱਚ ਆਣ ਫਾਥੇ ਇਹ ਵਾਇਦੇ ਆਣ ਮਤਲੂਬ ਕੀਤੇ
ਇਸ਼ਕ ਨਾਲ ਫਰਜ਼ੰਦ ਅਜ਼ੀਜ਼ ਯੂਸਫ ਨਾਰ੍ਹੇ ਦਰਦ ਦੇ ਬਹੁਤ ਯਕੂਬ ਕੀਤੇ
ਇਹ ਇਸ਼ਕ ਨਾ ਟਲੇ ਪੈਗੰਬਰਾਂ ਤੋਂ ਥੋਥੇ ਇਸ਼ਕ ਨੇ ਹੱਡ ਅਯੂਬ ਕੀਤੇ
ਦੇਹੀ ਆਪਣੀ ਸਾੜ ਕੇ ਖਾਕ ਕੀਤੀ ਏਸ ਇਸ਼ਕ ਨੇ ਚਾ ਗਰੂਬ ਕੀਤੇ
ਇਸ਼ਕ ਵਾਸਤੇ ਸ਼ਾਹ ਸਕੰਦਰੇ ਨੇ ਫਤਹਿ ਸ਼ਹਿਰ ਸ਼ਮਾਲ ਜਨੂਬ ਕੀਤੇ
ਏਸ ਜ਼ੁਲਫ਼ ਜੰਜੀਰ ਮਹਿਬੂਬ ਦੀ ਨੇ ਵਾਰਸਸ਼ਾਹ ਜਿਹੇ ਮਜ਼ਬੂਬ ਕੀਤੇ

ਬਾਲ ਨਾਥ ਨੇ ਰਾਂਝੇ ਦੇ ਹਕ ਵਿੱਚ ਦੁਆ ਕਰਨੀ ਅਤੇ ਦੁਆ ਮਨਜ਼ੂਰ ਹੋਣੀ

ਹੋਵੇਂ ਗੁਰੂ ਜਗਤ ਦਾ ਤਾਹੀਂ ਸਚਾ ਜਿਸ ਤੇ ਕਰਮ ਕਰੇਂ ਪਾਰ ਲੰਘ ਦਾ ਏ
ਮੈਨੂੰ ਹੀਰ ਦਿਹੋ ਸਾਨੂੰ ਤਲਬ ਇਹਾ ਹੀਰ ਹੀਰ ਮੇਰਾ ਜੀਉ ਮੰਗ ਦਾ ਏ
ਨਾਥ ਸਮਝਿਆ ਨਹੀਂ ਖਿਆਲ ਛਡਦਾ ਲੱਗਾ ਏਸਨੂੰ ਤੀਰ ਖੁਦੰਗ ਦਾ ਏ
ਨਾਥ ਕਰ ਇਸ਼ਨਾਨ ਭਬੂਤ ਮਲੀਆ ਤਾੜੀ ਲਾਇਕੇ ਰੱਬ ਤੋਂ ਮੰਗ ਦਾ ਏ
ਰਾਂਝਾ ਨਾਥ ਅਗੇ ਇਹੋ ਅਰਜ਼ ਕਰਦਾ ਅਸਾਂ ਇਸ਼ਕ ਦੋਹਾਂ ਰੰਗ ਰੰਗ ਦਾ ਏ
ਨਾਥਾ ਵਾਉ ਕੋਲੋਂ ਜਿਵੇਂ ਡਰੇ ਦੀਵਾ ਤਿਵੇਂ ਹੋਰਨਾਂ ਤੋਂ ਦਿੱਲ ਸੰਗ ਦਾ ਏ
ਅਖੀਂ ਮੀਟ ਮਰਾਕਬੇ ਵਿੱਚ ਹੋਯਾ ਹਰ ਤਰਫ ਧਿਆਨ ਕਰ ਮੰਗ ਦਾ ਏ
ਨਾਥ ਮੀਟ ਅਖੀਂ ਦਰਗਾਹ ਅੰਦਰ ਨਾਲੇ ਅਰਜ਼ ਕਰਦਾ ਨਾਲੇ ਸੰਗ ਦਾ ਏ
ਚੌਦਾਂ ਤਬਕ ਟਿਕਾਏ ਨੇ ਥਾਉਂ ਥਾਈਂ ਕੀਤਾ ਬੜਾ ਉਪਾ ਤੂੰ ਰੰਗ ਦਾ ਏ
ਦਰਗਾਹ ਲੋ ਬਾਲੀ ਹੈ ਹੱਕ ਵਾਲੀ ਓਥੇ ਆਦਮੀ ਬੋਲ ਨਾ ਹੰਗ ਦਾ ਏ
ਆਸਮਾਨ ਜ਼ਮੀਨ ਦਾ ਵਾਰਸੀ ਤੂੰ ਤੇਰਾ ਵੱਡਾ ਪਸਾਰੜਾ ਰੰਗ ਦਾ ਏ
ਰਾਂਝਾ ਜੱਟ ਫਕੀਰ ਹੋ ਆਣ ਬੈਠਾ ਰੱਖ ਤੱਕਵਾ ਨਾਮ ਤੇ ਲੰਗ ਦਾ ਏ
ਸੱਭ ਛੱਡ ਬੁਰਿਆਈਆਂ ਬੰਨ੍ਹ ਤਕਵਾ ਲਾਹ ਆਸਰਾ ਸਾਕ ਤੇ ਅੰਗ ਦਾ ਏ
ਮਾਰ ਹੀਰ ਦਿਆਂ ਨੈਣਾਂ ਖੁਆਰ ਕੀਤਾ ਲੱਗਾ ਜਿਗਰ ਵਿੱਚ ਤੀਰ ਖੁਦੰਗ ਦਾ ਏ
ਤੇਰਾ ਨਾਮ ਸੁਣਕੇ ਟਿਲੇ ਆਣ ਚੜ੍ਹਿਆ ਕਰਕੇ ਪੰਧ ਹਜ਼ਾਰੇ ਤੇ ਝੰਗ ਦਾ ਏ
ਸ਼ੌਕ ਨਾਲ ਜੰਗਲ ਬੇਲਾ ਚੀਰਿਆ ਸੂ ਕੀਤਾ ਖੌਫ ਨਾ ਸ਼ੇਰ ਮਲੰਗ ਦਾ ਏ
ਲਾਟ ਇਸ਼ਕ ਦੀ ਤੇ ਤੱਨ ਜਾਲਿਆ ਸੂ ਜਿਵੇਂ ਸ਼ਮ੍ਹਾਂ ਤੇ ਹਾਲ ਪਤੰਗ ਦਾ ਏ
ਘੋਨ ਮੋਨ ਹੋਕੇ ਸਿਰੇ ਸਵਾਹ ਪਾਈ ਚੀਰਾ ਲਾਹ ਕੇ ਤੇ ਸੂਹੇ ਰੰਗ ਦਾ ਏ
ਐਸਾ ਇਸ਼ਕ ਨੇ ਮਾਰ ਹੈਰਾਨ ਕੀਤਾ ਸੜ ਗਿਆ ਸੂ ਅੰਗ ਪਤੰਗ ਦਾ ਏ