ਪੰਨਾ:ਹੀਰ ਵਾਰਸਸ਼ਾਹ.pdf/152

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੦)

ਕਿਥੋਂ ਜੱਟ ਮੇਰੇ ਆ ਗਿਰਦ ਹੋਯਾ ਘਰ ਬਾਰ ਨੂੰ ਛੱਡ ਕੇ ਹੋ ਵੇਹਲਾ
ਮੋੜੇ ਮੁੰਦਰਾਂ ਕੰਨ ਬੇਐਬ ਮੰਗੇ ਲਾ ਬੈਠਾ ਈ ਮਾਰ ਹੁਣ ਜਿਗਰ ਸੇਲਾ
ਵਾਰਸ ਜੀਊਂਦੀ ਜਾਨ ਇਕ ਵਾਰ ਛੁੱਟਾਂ ਫੇਰ ਕਰਾਂਗਾ ਕਿਸੇ ਨਾ ਮੂਲ ਚੇਲਾ

ਤਥਾ

ਖਾਹ ਰਿਜ਼ਕ ਹਲਾਲ ਤੇ ਸੱਚ ਬੋਲੀਂ ਛੱਡ ਦੇਹ ਤੂੰ ਯਾਰੀਆਂ ਚੋਰੀਆਂ ਓਇ
ਤੋਬਾ ਕਰੇਂ ਤਕਸੀਰ ਮੁਆਫ਼ ਤੇਰੀ ਜੇੜ੍ਹੀਆਂ ਪਿਛਲੀਆਂ ਸਫ਼ਾਂ ਨਘੋਰੀਆਂ ਓਇ
ਆ ਛੱਡ ਚਾਲੇ ਗਵਾਰ ਪੁਣੇ ਵਾਲੇ ਚੁੰਨੀ ਪਾੜ ਕੇ ਕੀਤੀਆਂ ਮੋਰੀਆਂ ਓਇ
ਪਿਛਾ ਛਡ ਜੱਟਾ ਕੌਂਤਾਂ ਸਾਂਭ ਲਈਆਂ ਜੋ ਸੀ ਪਾੜੀਆਂ ਖੰਡ ਦੀਆਂ ਬੋਰੀਆਂ ਓਇ
ਜੋਅ ਰਾਹਕਾਂ ਜੋਤਰੇ ਲਾ ਲਈਆਂ ਜੇੜ੍ਹੀਆਂ ਅਰਲੀਆਂ ਭੰਨੀਆਂ ਤੋੜੀਆਂ ਓਇ
ਧੋ ਧਾ ਕੇ ਮਾਲਕਾਂ ਵਰਤ ਲਈਆਂ ਜੇੜ੍ਹੀਆਂ ਚਾਟੀਆਂ ਕੀਤੀਆਂ ਖੋਰੀਆਂ ਓਇ
ਛੱਡ ਸੱਭ ਬੁਰਿਆਈਆਂ ਪਾਕ ਹੋ ਜਾ ਨਾ ਕਰ ਨਾਲ ਜਗਤ ਦੇ ਜ਼ੋਰੀਆਂ ਓਇ
ਰੜੇ ਵਿੱਚ ਤੈਂ ਰੋੜ੍ਹਿਆ ਕੰਮ ਚੋਰੀ ਕੋਈ ਖਰਚੀਆਂ ਨਾਹੀਓਂ ਬੋਰੀਆਂ ਓਇ
ਤੇਰੀ ਆਜਜ਼ੀ ਸਿਫ਼ਤ ਮੰਨਜ਼ੂਰ ਕੀਤੀ ਤਾਹੀਏਂ ਮੰਦਰਾਂ ਕੰਨ ਵਿਚ ਸੋਰੀਆਂ ਓਇ
ਵਾਰਸਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕਟੀਏ ਪੋਰੀਆਂ ਪੋਰੀਆਂ ਓਇ

ਕਲਾਮ ਰਾਂਝਾ

ਅਸੀਂ ਜੱਟ ਹਾਂ ਮਤਲਬੀ ਯਾਰ ਪੂਰੇ ਦਾਉ ਢੰਗ ਕਰਕੇ ਵੇਲਾਂ ਕੱਢਣਾ ਏਂ
ਇੱਕ ਗਲ ਤੋਂ ਜਾਨ ਕੁਰਬਾਨ ਕਰਨੀ ਪਰ ਦਿਲੇ ਦਾ ਹੱਕ ਨਾ ਛੱਡਣਾ ਏਂ
ਗੁਰੂ ਪੀਰ ਤੇ ਰੱਬ ਦਾ ਨਾਮ ਲੈ ਕੇ ਝੰਡਾ ਰੰਗ ਪੁਰ ਦੇ ਵਿੱਚ ਗੱਡਣਾ ਏਂ
ਵਾਰਸ ਨੱਕ ਸਿਆਲਾਂ ਤੇ ਖੇੜਿਆਂ ਦਾ ਨਾਲ ਸਹਿਜ ਦੇ ਕੇ ਘਰੜ ਵੱਢਣਾ ਏਂ

ਕਲਾਮ ਬਾਲ ਨਾਥ

ਬੱਚਾ ਵੱਢ ਕੇ ਪੈਲੀਆਂ ਹਿਰਸ ਦੀਆਂ ਫ਼ਕਰ ਗਾਹੁੰਦੇ ਨਫ਼ਸ ਖਲਵਾੜਿਆਂ ਨੂੰ
ਹੱਲ ਭੰਨਣੇ ਦੀ ਚੰਗੀ ਜਾਚ ਤੈਨੂੰ ਵਾਹ ਜਾਣਨੈਂ ਘੁੱਸਿਆਂ ਪਾੜਿਆਂ ਨੂੰ
ਦੇਕੇ ਚਡਿਆਂ ਹਕਿਓਈ ਵਹਿਣੀਆਂ ਨੂੰ ਹੂਲਾਂ ਮਾਰ ਕੇ ਈ ਚੌਖਾਂ ਮਾੜਿਆਂ ਨੂੰ
ਵਾਰਸਸ਼ਾਹ ਮੁਤੂ ਕਿਬਲ ਅੰਤ ਮੁਤੂ ਛੱਡ ਜੀਉਂਦੀ ਜਿੰਦ ਅਖਾੜਿਆਂ ਨੂੰ

ਕਲਾਮ ਰਾਂਝਾ

ਨਾਥਾ ਜੀਊਂਦਿਆਂ ਮਰਨ ਹੈ ਖਰਾ ਔਖਾ ਸਾਥੋਂ ਐਡੇ ਨਾ ਵਾਇਦੇ ਹੋਵਣੇ ਨੇ
ਅਸੀਂ ਜੱਟ ਹਰਨਾਲੀਆਂ ਕਰਨ ਵਾਲੇ ਅਸਾਂ ਕਚਕੜੇ ਨਾਂਹ ਪਰੋਵਣੇ ਨੇ
ਜਿਹੜਾ ਸੁਖਨ ਮਨਜ਼ੂਰ ਨਾ ਕਰੇ ਕੋਈ ਮੁੰਹੋਂ ਆਖ ਕੇ ਚਾ ਵਿਗੋਵਣੇ ਨੇ
ਅਸੀਂ ਟਿਲੇ ਤੇ ਆਣ ਖੁਆਰ ਹੋਏ ਸਾਥੋਂ ਨਹੀਂ ਹੁੰਦੇ ਐਡੇ ਰੋਵਣੇ ਨੇ