ਪੰਨਾ:ਹੀਰ ਵਾਰਸਸ਼ਾਹ.pdf/151

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੯)

ਜਤੀ ਸਤੀ ਨਮਾਣਿਆਂ ਹੋ ਰਹੀਏ ਸਾਬਤ ਰੱਖਣਾ ਏਸ ਲੰਗੋਟੜੀ ਨੂੰ
ਵਾਰਸਸ਼ਾਹ ਮੀਆਂ ਲੈਕੇ ਛੂਰੀ ਕਾਈ ਵੱਢ ਦੂਰ ਕਰੀਂ ਏਸ ਬੋਟੜੀ ਨੂੰ

ਕਲਾਮ ਰਾਂਝਾ

ਸਾਬਤ ਹੋਵੇ ਲੰਗੋਟੜੀ ਸੁਣੀ ਨਾਥਾ ਕਾਹੇ ਝੱਗੜਾ ਚਾ ਉਜਾੜ ਦਾ ਮੈਂ
ਏਸ ਇਸ਼ਕ ਥੀਂ ਚੁਪ ਜੇ ਰਹੇ ਮੇਰੀ ਐਡੇ ਪਾੜਨੇ ਕਾਸਨੂੰ ਪਾੜ ਦਾ ਮੈਂ
ਜੇਕਰ ਸ਼ੌਕ ਹੁੰਦਾ ਮੈਨੂੰ ਰੱਬ ਵਾਲਾ ਹੁੰਦਾ ਮਸਤ ਅਲਮਸਤ ਗੁਫ਼ਾਰ ਦਾ ਮੈਂ
ਮੈਨੂੰ ਇਸ਼ਕ ਨੇ ਮਾਰ ਹੈਰਾਨ ਕੀਤਾ ਟੂਟਾ ਤਖ਼ਤ ਤੋਂ ਵਡੇ ਹਾਰ ਦਾ ਮੈਂ
ਇਸ ਜੀਉ ਨੂੰ ਨੱਢੀ ਨੇ ਮੋਹ ਲਿਆ ਨਿੱਤ ਫ਼ਕਰ ਦਾ ਨਾਮ ਚਿਤਾਰ ਦਾ ਮੈਂ
ਹੋਰ ਕੰਮ ਨਹੀਂ ਸੀ ਫ਼ਕਰ ਹੋਵਣੇ ਦਾ ਇੱਕ ਰਖਦਾ ਹਾਂ ਗ਼ੱਮ ਯਾਰ ਦਾ ਮੈਂ
ਜੀਉ ਮਾਰਕੇ ਰਹਿਣ ਜੇ ਹੋਵੇ ਮੇਰਾ ਐਡੇ ਮਾਮਲੇ ਕਾਸਨੂੰ ਧਾਰ ਦਾ ਮੈਂ
ਸਿਰ ਰੋਡ ਕਰਾ ਕਿਉਂ ਕੰਨ ਪਾਟਨ ਜੇਕਰ ਕਿਬਰ ਹੰਕਾਰ ਨੂੰ ਮਾਰ ਦਾ ਮੈਂ
ਜੇ ਮੈਂ ਜਾਣਦਾ ਕੰਨ ਤੂੰ ਪਾੜ ਦੇਣੇ ਇਕ ਮੁੰਦਰਾਂ ਮੂਲ ਨਾ ਸਾੜ ਦਾ ਮੈਂ
ਜੇ ਮੈਂ ਮਸਤ ਉਜਾੜ ਵਿਚ ਜਾ ਬਹਿੰਦਾ ਮਹੀਂ ਸਿਆਲਾਂ ਦੀਆਂ ਕਾਸਨੂੰ ਚਾਰਦਾ ਮੈਂ
ਜੇ ਮੈਂ ਜਾਣਦਾ ਇਸ਼ਕ ਥੀਂ ਮਨ੍ਹਾ ਕਰਨਾ ਤੇਰੇ ਟਿਲੇ ਤੇ ਧਾਰ ਨਾ ਮਾਰਦਾ ਮੈਂ
ਇਕੇ ਕੰਨ ਸਵਾਰ ਦੇ ਫੇਰ ਮੇਰੇ ਨਹੀਂ ਘਤੂੰਗਾ ਧੌਂਸ ਸਰਕਾਰ ਦਾ ਮੈਂ
ਜੇ ਤੂੰ ਕਰਨੀ ਸੀ ਮੈਂ ਨਾਲ ਠੱਗੀ ਪਹਿਲੇ ਰੋਜ਼ ਚਾ ਵੇਸ ਉਤਾਰ ਦਾ ਮੈਂ
ਵਾਰਸਸ਼ਾਹ ਦੇ ਨਾਲ ਕੋਈ ਗਲ ਕਰਦਾ ਉਹਨੂੰ ਚਾਇਕੇ ਜ਼ਿਮੀਂ ਤੇ ਮਾਰਦਾ ਮੈਂ

ਕਲਾਮ ਬਾਲ ਨਾਥ

ਪਛੋਤਾਉਂਦਾ ਹਾਂ ਕੀਤੀ ਮੂਰਖੀ ਮੈਂ ਲੱਖੀਂ ਹੱਥ ਨਾ ਆਉਂਦਾ ਓਹ ਵੇਲਾ
ਕੰਨੀਂ ਏਸ ਦੀ ਮੁੰਦਰਾਂ ਪਾ ਬੈਠਾ ਹੋਯਾ ਠਗੀ ਦਾ ਆਣ ਕੇ ਇਹ ਵੇਲਾ
ਨਾਥ ਝੂਰਦਾ ਸੀ ਉਸ ਵੇਲੜੇ ਨੂੰ ਕਿਉਂ ਮੈਂ ਝਾਗਣਾ ਸੀ ਇਹ ਝੱਲ ਬੇਲਾ
ਸਾਡੇ ਸੰਗ ਦੇ ਵਿੱਚ ਕੁਸੰਗ ਰਲਿਆਂ ਜਿਵੇਂ ਸੰਗ ਕਰੀਰ ਦੇ ਨਾਲ ਕੇਲਾ
ਗੰਜ ਫਕਰ ਦੇ ਨੂੰ ਇਸ ਮੁਫ਼ਤ ਪਾਇਆ ਕੀਤਾ ਖਰਚ ਨਾ ਪਲਿਓ ਇੱਕ ਧੇਲਾ
ਮਤਲਬ ਪਾਇਕੇ ਤੇ ਹੋਯਾ ਜੱਟ ਯਮਲਾ ਗਜ਼ਬ ਵਾਸਤੇ ਰੇਪਲਾ ਬਣੇ ਲੇਲਾ
ਹੁਣ ਕਰਾਂ ਕੀਕੂੰ ਹੱਥੋਂ ਬਖਸ਼ ਚੁੱਕਾ ਹਾਲ ਕਾਲ ਤੇ ਖੱਪਰੀ ਨਾਦ ਹੇਲਾ
ਪਹਿਲਾਂ ਦੰਦੀਆਂ ਵਿਲਕ ਕੇ ਜੋਗ ਲਿਆ ਕਰਕੇ ਮਿੰਨਤਾਂ ਜ਼ਾਰੀਆਂ ਹੋ ਢੇਲਾ
ਜੋਗ ਮਿਠੜੇ ਖੇਤ ਕਮਾਦ ਉੱਤੇ ਇਹ ਬਾਲਕਾ ਗ਼ੈਬ ਦਾ ਪਿਆ ਤੇਲਾ
ਪੁੱਤਰ ਖੋਤਿਆਂ ਦੇ ਘੋੜੇ ਨਹੀਂ ਹੁੰਦੇ ਥੀਵੇ ਊਠ ਨਾ ਭੇਡ ਦਾ ਜਿਵੇਂ ਲੇਲਾ
ਬੂਟੇ ਅੰਕ ਦੇ ਅੰਬ ਨਾ ਕਦੀ ਲੱਗਣ ਹੋਵੇ ਨਹੀਂ ਅਨਾਰ ਕਰੀਰ ਡੇਲਾ