ਪੰਨਾ:ਹੀਰ ਵਾਰਸਸ਼ਾਹ.pdf/138

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੮)

ਰਾਂਝੇ ਨੇ ਫਕੀਰ ਹੋਣ ਵਾਸਤੇ ਹੋਕਾ ਦੇਣਾ

ਹੋਕਾ ਫਿਰੇ ਦੇਂਦਾ ਪਿੰਡ ਵਿੱਚ ਸਾਰੇ ਆਓ ਕਿਸੇ ਫਕੀਰ ਜੇ ਹੋਵਣਾ ਜੇ
ਮੰਗ ਖਾਉਣਾ ਕੰਮ ਨਾ ਕਾਜ ਕਰਨਾ ਨਾ ਕੁਝ ਚਾਰਨਾ ਤੇ ਨਾ ਕੁਝ ਚੋਵਣਾ ਜੇ
ਜ਼ਰਾ ਕੰਨ ਪੜਾ ਸਵਾਹ ਮਲਣੀ ਗੁਰੂ ਸਾਰੇ ਜਗੱਤ ਦਾ ਹੋਵਣਾ ਜੇ
ਨਾ ਦਿਹਾੜੀ ਨਾ ਕਸਬ ਰੁਜ਼ਗਾਰ ਕਰਨਾ ਨਾਢੂ ਸ਼ਾਹ ਫਿਰ ਮੁਫ਼ਤ ਦਾ ਹੋਵਣਾ ਜੇ
ਨਾ ਦੇਣੀ ਵਧਾਈ ਫਿਰ ਜੰਮਣੇ ਦੀ ਕਿਸੇ ਮੋਏ ਨੂੰ ਮੂਲ ਨਾ ਰੋਵਣਾ ਜੇ
ਮੰਗ ਖਾਵਣਾ ਅਤੇ ਮਸੀਤ ਸਉਣਾ ਨਾ ਕੁਝ ਦੇਣਾ ਤੇ ਨਾ ਕੁਝ ਲੇਵਣਾ ਜੇ
ਨਾਲੇ ਮੰਗਣਾ ਤੇ ਨਾਲੇ ਘੂਰਨਾ ਜੇ ਦੇਣਦਾਰ ਨਾ ਕਿਸੇ ਦੇ ਹੋਵਣਾ ਜੇ
ਮਸਤ ਲਟਕਦੇ ਜੰਗਲਾਂ ਵਿੱਚ ਫਿਰਨਾ ਅਤੇ ਗ਼ੱਮ ਨੂੰ ਖੂਹ ਡਬੋਵਣਾ ਜੇ
ਬਾਰਾਂ ਵੀਹਾਂ ਦੇ ਵਾਹਿਆਂ ਨਫ਼ਾ ਨਾਹੀਂ ਇਕ ਵਾਹ ਕੇ ਰੱਜ ਖਲੋਵਣਾ ਜੇ
ਸਦਾ ਖੁਸ਼ੀ ਦੇ ਨਾਲ ਨਿਹਾਲ ਰਹਿਣਾ ਹੰਝੂ ਡੋਲਕੇ ਮੁੱਖ ਨਾ ਧੋਵਣਾ ਜੇ
ਦੇਖੋ ਛਿੜਦੀਆਂ ਪੌਂਦੀਆਂ ਜਾ ਧਾਮਣ ਭੰਨ ਰਾਤ ਨਾ ਜੋਗ ਨੂੰ ਜੋਵਣਾ ਜੇ
ਧਰ ਕੇ ਟੰਗ ਤੇ ਟੰਗ ਨਿਸ਼ੰਗ ਸਉਣਾ ਦੁਖਾਂ ਨਾਲ ਨਾ ਜੀਉ ਵਗੋਵਣਾ ਜੇ
ਦਿਲੋਂ ਮੈਲ ਜਹਾਨ ਦੀ ਪਾਕ ਕਰਨੀ ਦਾਗ ਹਿਰਸ ਪਲੀਤ ਦਾ ਧੋਵਣਾ ਜੇ
ਕਮਰ ਕੱਸ ਕੇ ਹਾਜ਼ਰੀ ਨਹੀਂ ਦੇਣੀ ਹੱਥ ਬੰਨ੍ਹਕੇ ਨਹੀਂ ਖਲੋਵਣਾ ਜੇ
ਹਰ ਕਿਸੇ ਤੋਂ ਟਹਿਲ ਕਰਾ ਲੈਣੀ ਵਲੀ ਪੀਰ ਫ਼ਕੀਰ ਸਦੋਵਣਾ ਜੇ
ਖੁਸ਼ੀ ਆਪਣੀ ਉੱਠਣਾ ਮੀਆਂ ਵਾਰਸ ਅਤੇ ਆਪਣੀ ਨੀਂਦਰੇ ਸੋਵਣਾ ਜੇ

ਰਾਂਝੇ ਦੀ ਬਾਲ ਨਾਥ ਨਾਲ ਮੁਲਾਕਾਤ

ਬਾਲ ਨਾਥ ਦੇ ਦਾਇਰੇ ਜਾਂ ਰਾਂਝਾ ਕੁਲ ਥਾਂ ਮਕਾਨ ਵਲ ਨਜ਼ਰ ਕਰਦਾ
ਰੋੜੀ ਗੂੜੇ ਦੀ ਰਖਕੇ ਟੇਕ ਮਥਾ ਸਭ ਜੋਗੀਆਂ ਦੇ ਚਰਨ ਜਾ ਫੜਦਾ ਹੈ
ਆਸਣ ਜੋਗੀਆਂ ਦੇ ਬਣੇ ਬਹੁਤ ਸੁੰਦਰ ਰੰਗ ਰੰਗ ਦਾ ਕੀਤਾ ਸੀ ਚਾ ਪਰਦਾ
ਕਈ ਸਬਜ਼ ਸੂਫੈਦ ਤੇ ਸੋਸਨੀ ਸਨ ਮੁਲੰਮਾ ਫੇਰਿਆ ਚਾਂਦੀ ਤੇ ਹੋਰ ਜਰਦਾ
ਰਾਂਝਾ ਵੇਖਕੇ ਬਹੁਤ ਨਿਹਾਲ ਹੋਯਾ ਸਭੋ ਦਿਸਦਾ ਜ਼ੁਹਦ ਤੇ ਜ਼ੁਹਦ ਕਰਦਾ
ਕਈ ਪੋਥੀਆਂ ਪੜਨ ਗਿਆਨ ਗੀਤਾ ਕੋਈ ਭਾਗਵਤ ਕੁਈ ਰਾਮਾਇਣ ਪੜ੍ਹਦਾ
ਸਭ ਜ਼ਿਕਰ ਤੇ ਸ਼ੁਗਲ ਦੇ ਫਿਕਰ ਅੰਦਰ ਬਿਨਾਂ ਰਬ ਦੇ ਨਾਮ ਨ ਹੋਰ ਸਰਦਾ
ਵਾਰਸਸ਼ਾਹ ਬੀ ਫ਼ਕਰ ਦੇ ਨਾਮ ਉਤੋਂ ਜੀਉ ਜਾਨ ਸਦਕੜੇ ਚਾ ਕਰਦਾ

ਬਾਲ ਨਾਥ ਦੀ ਖਿਦਮਤ ਵਿਚ ਰਾਂਝਾ ਅਰਜ਼ ਕਰਦਾ ਹੈ

ਟਿਲੇ ਜਾਇਕੇ ਜੋਗੀ ਦੇ ਹਥ ਜੋੜੇ ਸਾਨੂੰ ਆਪਣਾ ਕਰੋ ਫ਼ਕੀਰ ਸਾਈਂ
ਤੇਰੇ ਦਰਸ ਦੀਦਾਰ ਦੇ ਦੇਖਣੇ ਨੂੰ ਆਯਾ ਦੇਸ ਪ੍ਰਦੇਸ ਮੈਂ ਚੀਰ ਸਾਈਂ