ਪੰਨਾ:ਹੀਰ ਵਾਰਸਸ਼ਾਹ.pdf/134

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੪)

ਤੁਸਾਂ ਹੱਕ ਹਕੀਕਤ ਵੀ ਸਮਝਣੀ ਸੀ ਦਿੱਲ ਆਪਣੇ ਦੀ ਸਮਝਾ ਦੇਣੀ
ਮੇਰਾ ਯਾਰ ਹੈਂ ਤੇ ਮੈਥੇ ਪਹੁੰਚ ਰਾਂਝਾ ਕੰਨੀਂ ਮੀਏਂ ਦੇ ਏਤਨੀ ਪਾ ਦੇਣੀ
ਮੇਰੀ ਲਈਂ ਨਿਸ਼ਾਨੜੀ ਬਾਂਕ ਛਲਾ ਰਾਂਝੇ ਯਾਰ ਦੇ ਹੱਥ ਫੜਾ ਦੇਣੀ
ਮੇਰੀ ਦੇ ਨਿਸ਼ਾਨੜੀ ਕਹੀਂ ਉਸ ਨੂੰ ਅਤੇ ਹੋਰ ਬੀ ਬਾਤ ਬਤਾ ਦੇਣੀ
ਵਾਰਸਸ਼ਾਹ ਮੀਆਂ ਉਸ ਕਮਲੜੇ ਨੂੰ ਫਾਹੀ ਜੁਲਫ਼ ਜ਼ੰਜੀਰ ਦੀ ਪਾ ਦੇਣੀ

ਹੀਰ ਦਾ ਖਤ ਰਾਂਝੇ ਦੇ ਪਾਸ ਪਹੁੰਚਣਾ

ਅਗੇ ਚੂੰਡੀਆਂ ਨਾਲ ਹੰਢਾਈਆਂ ਨੀ ਜ਼ੁਲਫ਼ਾਂ ਕੁੰਡਲਾਂਦਾਰ ਹੁਣ ਵੇਖ ਮੀਆਂ
ਗਲ ਕੁੰਡਲ ਨਾਗ ਸਿਆਹ ਪਲਮਣ ਵੇਖੇ ਉਹ ਭੱਲਾ ਜਿੱਸ ਲੇਖ ਮੀਆਂ
ਮੁੱਲ ਵੱਟਣਾ ਲੋਹੜ ਦੰਦਾਸੜੇ ਦਾ ਨੈਣ ਖੂਨੀਆਂ ਦੇ ਭਰਨ ਭੇਖ ਮੀਆਂ
ਆ ਹੁਸਨ ਦੀ ਦਾਦ ਕਰ ਦੇਖ ਜ਼ੁਲਫਾਂ ਖੂਨੀ ਨੈਣਾਂ ਦੇ ਭੇਖ ਨੂੰ ਦੇਖ ਮੀਆਂ
ਹੋਈ ਹੋਣੀ ਨੂੰ ਕਰੋ ਮੁਆਫ਼ ਮੈਨੂੰ ਹੋਈਆਂ ਸੱਭ ਆ ਵਸਵ ਵਸੇਖ ਮੀਆਂ
ਪੈਣ ਚੁੱਕੀਆਂ ਹੌਲ ਕਲੇਜੜੇ ਨੂੰ ਵਿੰਨ ਗਈ ਹੈ ਇਸ਼ਕ ਦੀ ਮੇਖ ਮੀਆਂ
ਦਿਨ ਰਾਤ ਉਹ ਪਈ ਕੁਰਲਾਉਂਦੀ ਏ ਉਦ੍ਹੇ ਵਿੱਚ ਕਲੇਜੜੇ ਛੇਕ ਮੀਆਂ
ਵਾਰਸਸ਼ਾਹ ਫਕੀਰ ਰਜ਼ਾ ਮੰਨੀ ਫ਼ਕਰ ਮਾਰਦੇ ਰੇਖ ਵਿੱਚ ਮੇਖ ਮੀਆਂ

ਹੀਰ ਨੇ ਕਾਸਦ ਨੂੰ ਖਤ ਦੇਣਾ

ਵੀਰਾ ਕਾਸਦਾ ਰੱਬ ਦਾ ਵਾਸਤਾ ਈ ਆਖੀਂ ਜਾ ਰੰਝੇਟੇ ਨੂੰ ਗ਼ੱਮ ਮੇਰੇ
ਪਈ ਸਿੱਕਣੀ ਆਂ ਮੁੱਖ ਵੇਖਣੇ ਨੂੰ ਆ ਰਹੇ ਨੇ ਨੱਕ ਤੇ ਦੱਮ ਮੇਰੇ
ਅਖੀਂ ਰੋਂਦਿਆਂ ਨੀਰ ਨਿਖੁੱਟ ਗਿਆ ਆਂਸੂ ਪੈਣ ਝੋਲੀ ਛੱਮ ਛੱਮ ਮੇਰੇ
ਤੇਰੇ ਇਸ਼ਕ ਫਿਰਾਕ ਤੋਂ ਘੋਲੀਆਂ ਮੈਂ ਫੇਰਾ ਪਾ ਅੰਗਣ ਘੱਮ ਘੱਮ ਮੇਰੇ
ਸਿਆਲਾਂ ਵਿੱਚ ਮੈਂ ਤੱਤ ਭੜੱਥੜੀ ਦੇ ਕੀਤੇ ਨਿੱਝੜੇ ਰੱਬ ਜਰਮ ਮੇਰੇ
ਰਾਹ ਵਿੰਹਦਿਆਂ ਅੱਖੀਆਂ ਪੱਕ ਗਈਆਂ ਕਦੀ ਦੇ ਦੀਦਾਰ ਖਸੱਮ ਮੇਰੇ
ਝੱਬ ਮਿਲੀਂ ਪੰਜਾਂ ਪੀਰਾਂ ਦਿੱਤਿਆ ਵੇ ਸੁਣ ਦੁੱਖੜੇ ਦਰਦ ਆਲੱਮ ਮੇਰੇ
ਵਾਂਗ ਝੰਗ ਦੇ ਆਣ ਜੋ ਮਿਲੀਂ ਮੈਨੂੰ ਜਿਹੜੇ ਰੰਗ ਪੁਰ ਦੇ ਹੋਵਣ ਤੱਮ ਮੇਰੇ
ਤੇਰੇ ਬਾਝ ਮੈਂ ਅੰਗ ਨਾ ਨੈਣ ਜੋੜਾਂ ਸ਼ਾਹਦ ਹਾਲ ਦੇ ਨੇ ਦੋਵੇਂ ਜੱਮ ਮੇਰੇ
ਝੱਬ ਬਹੁੜ ਮੈਨੂੰ ਮੇਰੇ ਸਾਈਆਂ ਵੇ ਗੱਡੀਂ ਦੀਨ ਤੇ ਦੁਨੀ ਦੇ ਥੰਮ੍ਹ ਮੇਰੇ
ਨਿੱਤ ਕੂਕਦੀ ਕਾਗ ਉਡਾਂਵਦੀ ਹਾਂ ਇਹੋ ਲਿਖਿਆ ਲੇਖ ਕਰੱਮ ਮੇਰੇ
ਜੇਤਾਂ ਜੁਤੀਆਂ ਦੀ ਮਿਸਲ ਪੈਰ ਪਾਇਓ ਕੁਝ ਉਜ਼ਰ ਨਾਹੀਂ ਏਸ ਚੰਮ ਮੇਰੇ
ਕਦੀ ਆਉਣਾ ਈਂ ਵੇ ਤੂੰ ਆ ਮਾਹੀ ਮੁੜ ਆਉਣਾ ਏ ਕਿਹੜੇ ਕੰਮ ਮੇਰੇ
ਵਾਰਸਸ਼ਾਹ ਰੰਝੇਟੇ ਨੂੰ ਮਿਲਾਂ ਕੀਕੂੰ ਤੱਤ ਜੋਰ ਨਾਹੀਂ ਪਲੇ ਦੰਮ ਮੇਰੇ