ਪੰਨਾ:ਹੀਰ ਵਾਰਸਸ਼ਾਹ.pdf/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੦)

ਕਦੀ ਆਣਕੇ ਮੁਖ ਵਿਖਾਲ ਰਾਂਝਾ ਜਾਨ ਲਬਾਂ ਉਤੇ ਆਈ ਮੁਝਦੀ ਏ
ਹੋਯਾ ਜੀ ਉਦਾਸ ਨਾ ਪਾਸ ਰਾਂਝਾ ਕੁੜੀਆਂ ਵਿਚ ਨਾ ਖੇਡਦੀ ਰੁੱਝਦੀ ਏ
ਦਿਲੋਂ ਵਿਰਦ ਪਿਆਰੇ ਦੇ ਨਾਲ ਕਰਦੀ ਮੁਖੋਂ ਹੋਰ ਹਕਾਇਤਾਂ ਲੁੱਝਦੀ ਏ
ਗਿਆ ਇਸ਼ਕ ਹੱਡਾਂ ਵਿਚ ਰੱਚ ਓਹਦੇ ਓਥੇ ਜ਼ੋਰ ਦੀ ਬਾਤ ਨਾ ਪੁੱਜਦੀ ਏ
ਵਾਰਸਸ਼ਾਹ ਰਾਂਝੇ ਬਾਝ ਹੀਰ ਤਾਈਂ ਕੋਈ ਜੱਗ ਦੀ ਬਾਤ ਨਾ ਸੁੱਝਦੀ ਏ

ਇਕ ਜੱਟੀ ਦਾ ਸਾਹੁਰੇ ਜਾਣਾ

ਹੋਯਾ ਸਾਲ ਬਤੀਤ ਤੇ ਇਕ ਜੱਟੀ ਤਰਫ ਝੰਗ ਸਿਆਲਾਂ ਦੇ ਤਿਆਰ ਹੋਈ
ਕੋਲ ਹੀਰ ਦੇ ਜਾਕੇ ਬੈਠਦੀ ਏ ਕਹਿੰਦੀ ਤੇਰੇ ਤੋਂ ਮੈਂ ਨਿਸਾਰ ਹੋਈ
ਕੋਈ ਦੱਸ ਸੁਨੇਹੜਾ ਮਾਪਿਆਂ ਨੂੰ ਕਿਉਂ ਬੈਠੀਏਂ ਤੂੰ ਅਵਾਜ਼ਾਰ ਹੋਈ
ਜੋ ਕੁਝ ਦੱਸਣਾ ਈ ਸੋਈ ਦੱਸ ਮੈਨੂੰ ਤੇਰੇ ਮਾਂ ਦੀ ਮੈਂ ਗਮਖਾਰ ਹੋਈ
ਮੈਂ ਤਾਂ ਚੱਲੀਆਂ ਸਹੁਰਿਆਂ ਵੱਲ ਹੀਰੇ ਗੱਲ ਪੁਛਣੇ ਦੀ ਰਵਾਦਾਰ ਹੋਈ
ਵਾਰਸਸ਼ਾਹ ਜੱਟੀ ਹੀਰ ਰੋਣ ਲਗੀ ਮੈਂ ਤਾਂ ਰਾਂਝਣੇ ਬਾਝ ਖੁਆਰ ਹੋਈ

ਹੀਰ ਤੋਂ ਜਟੀ ਨੇ ਸੁਨੇਹਾ ਲੈਣਾ

ਇਕ ਵਹੁਟੜੀ ਸਾਹੁਰੇ ਚਲੀ ਸਿਆਲੀ ਆਈ ਹੀਰ ਤੋਂ ਲੈਣ ਸੁਨੇਹਿਆਂ ਨੂੰ
ਤੇਰੇ ਪੇਕੜੇ ਚਲੀ ਹਾਂ ਇਹ ਗਲਾਂ ਖੋਲ੍ਹ ਕਿੱਸਿਆਂ ਜੇਹਿਆਂ ਕੇਹਿਆਂ ਨੂੰ
ਤੇਰਾ ਗੱਭਰੂ ਨਾਲ ਪਿਆਰ ਕੇਹਾ ਵਹੁਟੀਆਂ ਦਸਦੀਆਂ ਨੇ ਅਸਾਂ ਜੇਹਿਆਂ ਨੂੰ
ਤੇਰਿਆਂ ਸਹੁਰਿਆਂ ਤੁੱਧ ਪਿਆਰ ਕੇਹਾ ਤਾਜੇ ਕਰੇ ਸੁਨੇਹਿਆਂ ਬੇਹਿਆਂ ਨੂੰ
ਹੀਰ ਆਖਦੀ ਓਸ ਦੀ ਗੱਲ ਏਵੇਂ ਵੈਰ ਰੇਸ਼ਮਾਂ ਨਾਲ ਜਿਉਂ ਲੇਹਿਆਂ ਨੂੰ
ਵਾਰਸ ਗਾਫ਼ ਤੇ ਅਲਫ਼ ਤੇ ਲਾਮ ਬੋਲੇ ਹੋਰ ਕੀ ਆਖਾਂ ਏਹਿਆਂ ਤੇਹਿਆਂ ਨੂੰ

ਹੀਰ ਨੇ ਸੁਨੇਹਾ ਦੇਣਾ

ਮੱਝੂ ਵਾਹ ਵਿਚ ਬੋੜੀਏ ਮਾਪਿਆਂ ਨੂੰ ਉਨ੍ਹਾਂ ਨਾਲ ਨਾਹੀਂ ਕੋਈ ਕਾਮ ਮੇਰਾ
ਹੱਥ ਜੋੜ ਕੇ ਰਾਂਝੇ ਦੇ ਪੈਰ ਪਕੜੀਂ ਇੱਕ ਏਤਨਾ ਕਹੀਂ ਪੈਗ਼ਾਮ ਮੇਰਾ
ਹੱਥ ਬੰਨ੍ਹਕੇ ਗਲ ਵਿਚ ਪਾ ਪੱਲਾ ਕਹੀਂ ਓਸ ਨੂੰ ਦੁਆ ਸਲਾਮ ਮੇਰਾ
ਮੈਨੂੰ ਵੈਰੀਆਂ ਦੇ ਵੱਸ ਪਾਇਓ ਨੇ ਸਾਈਆਂ ਚੋਂ ਵਿਸਰਿਆ ਨਾਮ ਮੇਰਾ
ਕਰੋ ਮਿਹਰਬਾਨੀ ਤੁਸੀਂ ਆਪ ਆਓ ਨਹੀਂ ਹੁੰਦਾ ਜੇ ਕੰਮ ਤਮਾਮ ਮੇਰਾ
ਵਾਰਸ ਨਾਲ ਬੇਵਾਰਸਾਂ ਰਹਿਮ ਕੀਜੇ ਮਿਹਰਬਾਨ ਹੋ ਕੇ ਆਓ ਸ਼ਾਮ ਮੇਰਾ

ਰਾਂਝੇ ਵਲ ਸੁਨੇਹਾ

ਟੁਟੇ ਕਹਿਰ ਕਲੂਰ ਸਿਰ ਹੀਰ ਬਦਲੇ ਤੇਰੇ ਬਿਰਹੋਂ ਫਿਰਾਕ ਨੇ ਕੁੱਠੀਆਂ ਮੈਂ
ਸੁੰਞੀ ਤ੍ਰਾਟ ਕਲੇਜੇ ਦੇ ਵਿਚ ਧਾਣੀ ਨਹੀਂ ਜੀਊਣਾ ਮਰਨ ਤੇ ਰੁੱਠੀਆਂ ਮੈਂ
ਹੀਰ ਦਰਦ ਫਰਾਕ ਦੇ ਨਾਲ ਬੋਲੀ ਗਲਾਂ ਦੱਸਦੀ ਬਹੁਤ ਨਖੱਟੀਆਂ ਮੈਂ