ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚਲਾ ਰਾਹ

    ਰਾਮ ਪਿਆਰੀ ਦੀਆਂ ਗੱਲਾ ਨੇ ਉਹਦਾ ਸੀਨਾ ਵਿੰਨ੍ਹ ਸੁਟਿਆ ਸੀ। ਉਹ ਗੱਲਾਂ ਹਾਲੇ ਵੀ ਉਸ ਦੇ ਕੰਨਾਂ ਵਿੱਚ ਗੂੰਜ ਰਹੀਆਂ ਸਨ। ਉਹਨਾਂ ਦੀ ਚੋਭ ਉਹ ਹਾਲੇ ਵੀ ਆਪਣੇ ਦਿਲ ਅੰਦਰ ਮਹਿਸੂਸ ਕਰ ਰਿਹਾ ਸੀ।
    ਅੱਜ ਜਦ ਉਹ ਰੋਜ਼ ਵਾਂਗ ਸੈਰ ਕਰਨ ਜਾਣ ਲਈ ਉੱਠਿਆ ਤਾਂ ਉਸ ਨੇ ਪਤਲੂਣ ਦੀ ਇੱਕ ਲੱਤ ਹਾਲੇ ਪਾਈ ਸੀ,ਜੋ ਉਹ ਧੜੰਮ ਕਰਕੇ ਕੁਰਸੀ ਤੇ ਜਾ ਡਿੱਗਾ। ਉਸ ਦਾ ਜੀਅ ਸੈਰ ਕਰਨ ਜਾਣ ਨੂੰ ਨਾ ਕੀਤਾ। ਉਹ ਪਤਲੂਣ ਦੀ ਇਕ ਟੰਗ ਹੀ ਅੜਾਈ ਕੁਰਸੀ ਤੇ ਬੈਠਾ ਸੋਚਦਾ ਰਿਹਾ ਤੇ ਪੈਂਸਲ ਨਾਲ ਕਾਗਜ਼ ਤੇ ਗੋਲ ਦਾਇਰੇ ਤੇ ਹੋਰ ਹੋਰ ਸ਼ਕਲਾਂ ਬਣਾਦਾ ਰਿਹਾ।
   ਰਾਮ ਪਿਆਰੀ ਹਾਲੇ ਵੀ ਉਸ ਨੂੰ ਝਾੜ ਪਾਉਂਦੀ ਨਜ਼ਰ ਪੈ ਰਹੀ ਸੀ,ਭਾਵੇਂ ਉਹ ਉੱਠ ਕੇ ਘਰ ਦੇ ਕੰਮ ਕਾਜ ਦੇ ਆਹਰ ਲਗੀ ਹੋਈ ਸੀ। ਜਿਵੇਂ ਉਹ ਰਾਤ ਨੂੰ ਘੂੰਨਾਂ ਬਣ ਕੇ ਉਹਦੀਆਂ ਗੱਲਾਂ ਨੂੰ ਸੁਣਦਾ ਰਿਹਾ ਸੀ,ਤਿਵੇਂ ਹੀ ਉਹ ਹੁਣ ਚੁੱਪ ਕਰ ਕੇ ਉਹਨਾਂ ਗੱਲਾਂ ਨੂੰ ਘੋਖ ਰਿਹਾ ਸੀ।
  'ਆਖਰ ਇਹ ਕੀ ਮਖੌਲ ਹੈ ਕਿ ਬੱਚੇ ਨਿੱਜੀ ਲੋੜਾਂ ਨੂੰ ਤਰਸਦੇ ਰਹਿਣ? ਕਿਸੇ ਦੇ ਸਿਰ ਤੇ ਟੋਪੀ ਨਹੀਂ ਤੇ ਕਿਸੇ ਦੇ ਪੈਰ ਜੁੱਤੀ ਨੂੰ ਤਰਸ ਰਹੇ ਨੇ। ਕੋਈ ਚੁੰਨੀ ਨੂੰ ਰੋਂਦੀ ਹੈ ਤੇ ਕੋਈ ਪਜਾਮੇ ਨੂੰ।
  ਤੁਹਾਡੇ ਨਾਲ ਵੀ ਹੈਣ ਹੀ ਨਾਂ,ਮੌਜਾਂ ਪਏ ਕਰਦੇ ਨੇ। ਤੁਹਾਥੋਂ ਵੱਧ ਤਨਖਾਹ ਨਹੀਂ ਲੈਂਦੇ,ਪਰ ਉਹਨਾਂ ਦੇ ਬੱਚੇ ਵੀ ਸਾਫ ਸੁਥਰੇ ਰਹਿੰਦੇਂ ਨੇ ਤੇ ਸਾਡੇ ਨਾਲੋ ਖਾਂਦੇ ਵੀ ਚੰਗਾ ਨੇ।'
  ....ਰਾਮ ਪਿਆਰੀ ਇਸ ਗੱਲ ਦਾ ਉੱਤਰ ਜੋ ਉਸ ਨੇ ਦਿੱਤਾ ਸੀ,ਉਹ ਵੀ ਉਸ ਨੂੰ ਯਾਦ ਸੀ। ਉਸ ਆਖਿਆ ਸੀ 'ਕੀ ਹੋਇਆ ਜੋ ਹੋਰ ਬਾਊ ਚੰਗ਼ਾ ਖਾਂਦੇ ਪੀਂਦੇ ਨੇ ਪਰ ਫਿਕਰਾਂ ਵਿੱਚ ਗੁਆਚੇ ਰਹਿੰਦੇ ਨੇ। ਮੈਂ ਰਹਿੰਦਾਂ ਵੀ ਤਾਂ ਸੁਖੀ ਹਾਂ। ਮੈਨੂੰ ਇਹ ਨਹੀਂ ਡਰ ਕੇ ਕਿ ਮੈਂ ਫੜਿਆ ਜਾਣਾ ਹੈ,ਜਾਂ ਮੇਰੀ ਰਿਪੋਰਟ ਹੋਣੀ ਹੈ।'