ਪੰਨਾ:ਹਾਏ ਕੁਰਸੀ.pdf/115

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


"ਕਿਧਰੇ ਜਾਣ ਬਾਰੇ ਸੋਚਦੇ ਤੇ ਹਾਂ, ਪਰ ਤੁਹਾਡੇ ਕੋਲ ਰੁਪੈ ਕਿੰਨੇ ਕੁ ਨੇ ?” ਉਸ ਦੀ ਪਤਨੀ ਬੋਲੀ |
"ਸਾਰੇ ਗਿਣ ਕੇ ਵੀਹ ਰੁਪੈ ।"
"ਵੀਹਾਂ ਵਿਚ ਕਿਥੇ ਜਾਇਆ ਜਾਵੇਗਾ |"
“ਪਰ ਇਥੇ ਵੀ ਤੇ ਨਹੀਂ ਨਾ ਰਹਿ ਸਕਦੇ, ਜਿਨ੍ਹਾਂ ਦਾ ਉਧਾਰ ਦੇਣਾ ਹੈ, ਉਹ ਤੋੜ ਤੋੜ ਖਾਣਗੇ, ਮਕਾਨ ਵਾਲੇ ਨੇ ਕਿਰਾਇਆ ਵੀ ਮੰਗਣਾ ਹੈ ! ਸੋ ਇਥੇ ਰਹਾਂਗੇ ਹੀ ਨਾ ਤਾਂ ਇਹਨਾਂ ਮੰਗਾਂ ਤੋਂ ਤਾਂ ਬਚੇ ਰਹਾਂਗੇ ।"
ਆਖਰ ਕਾਰ ਘਰ ਵਿਚ ਸਹ ਪੱਕੀ ਹੋ ਗਈ ਕਿ ਇਹ ਛੁਟੀਆਂ ਪੜੀ ਆਪਣੇ ਮਾਪਿਆਂ ਕੋਲ ਬਿਤਾਏ ਤੇ ਪਤਨੀ ਆਪਣੇ ਪੇਕਿਆਂ ਕੋਲ । ਇਹਨਾਂ ਥਾਵਾਂ ਤੇ ਖ਼ਰਚ ਦੀ ਲੋੜ ਨਾ ਹੋਵੇਗੀ ਤੇ ਛੁਟੀਆਂ ਰੋ ਪਿਟ ਕੇ ਨਿਕਲ ਜਾਣਗੀਆਂ ।
ਉਹਨਾਂ ਜਾਣ ਦੀ ਪੱਕੀ ਸਲਾਹ ਬਣਾ ਲਈ । ਉਥੋਂ ਛੱਬੀ ਤਾਰੀਖ ਸਵੇਰ ਦੀ ਗੱਡੀ ਤੁਰ ਜਾਣ ਦਾ ਫੈਸਲਾ ਹੋਇਆ |
ਸ਼ਾਮ ਵੇਲੇ ਕਾਲਜ ਦਾ ਚਪੜਾਸੀ ਉਸ ਦੇ ਘਰ ਆਇਆ ਤੇ ਪ੍ਰਿੰਸੀਪਲ ਦਾ ਆਦੇਸ਼ ਸੁਣਾ ਗਿਆ ਕਿ ਅਗਲੇ ਦਿਨ ਉਹ ਕਾਲਜ ਅਪੜੇ, ਪ੍ਰਿੰਸ਼ੀਪਲ ਉਸ ਨਾਲ ਕੁਝ ਗੱਲ ਕਰਨਾ ਚਾਹੁੰਦਾ ਸੀ ਤੇ ਉਸ ਨੇ ਅਗਲੇ ਦਿਨ ਸਵੇਰ ਦੀ ਗੱਡੀ ਟੁਰ ਜਾਣਾ ਸੀ । ਪ੍ਰਿੰਸੀਪਲ ਦਾ ਸੁਨੇਹਾ ਸੁਣ ਕੇ ਉਸ ਨੂੰ ਸਵੇਰ ਦੀ ਗੱਡੀ ਦੀ ਸਲਾਹ ਛਡਣੀ ਪਈ ਤੇ ਸ਼ਾਮ ਦੀ ਗੱਡੀ ਜਾਣ ਦਾ ਫੈਸਲਾ ਹੋਇਆ । "ਪਤਾ ਨਹੀਂ ਪ੍ਰਿੰਸੀਪਲ ਨੇ ਕੀ ਆਖਣਾ ਸੀ ?" ਉਹ ਡਰਦਾ ਰਿਹਾ ।
ਅਗਲੇ ਦਿਨ ਉਹ ਪ੍ਰਿੰਸੀਪਲ ਨੂੰ ਕਾਲਜ ਜਾ ਕੇ ਮਿਲਿਆ । ਉਸ ਨੇ ਉਸ ਨੂੰ ਆਉਂਦੇ ਵੇਖ ਕੇ ਚਿਹਰੇ ਤੇ ਮੁਸਕਾਨ ਲਿਆਂਦੀ ਤੇ ਆਖਿਆ, “ਮਿਸਟਰ ਵਾਲੀਆ, ਡਿਪਟੀ ਕਮਿਸ਼ਨਰ ਨੇ ਤੁਹਾਨੂੰ ਵਧਾਈ ਭੇਜੀ ਹੈ, ਉਸ ਡਰਾਮੇ ਤੇ ਰੰਗਾ ਰੰਗ ਪ੍ਰੋਗਰਾਮ ਦੀ ਜੋ ਤੁਸੀਂ ਕਾਲਜ ਬੰਦ ਹੋਣ ਤੋਂ ਦੋ ਦਿਨ ਪਹਿਲਾਂ ਕਾਲਜ ਵਿਚ ਕੀਤਾ ਸੀ ।"
“ਮੈਂ ਤੁਹਾਡਾ ਤੇ ਉਹਨਾਂ ਦਾ ਰਿਣੀ ਹਾਂ ਜੀ |" ਉਸ ਦੇ ਮਨ ਨੂੰ ਕੁਝ ਕੁਝ ਧਰਵਾਸ ਹੋਇਆ ।
"ਸੁਣਾਉ, ਕਿਧਰੇ ਗਏ ਨਹੀਂ ਹਾਲੀ ਤਕ |"

੧੧e