ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਫੁੱਲਾਂ ਅੰਦਰ ਸੁਖ਼ਨ-ਸਨੇਹਾ ਪੜ੍ਹਿਆ ਕਰ।
ਅਸਲ ਨਗੀਨੇ ਦਿਲ ਮੁੰਦਰੀ ਵਿਚ ਜੜ੍ਹਿਆ ਕਰ।
ਮਹਿਕਾਂ ਦੇ ਵਣਜਾਰੇ ਏਹੀ ਆਖ ਰਹੇ,
ਬੰਦਿਆ, ਬੰਦਾ ਬਣ ਜਾ, ਨਾ ਤੂੰ ਲੜਿਆ ਕਰ।

ਮੈਂ ਸੂਰਜ ਨੂੰ ਵਿੱਚ ਕਲਾਵੇ ਭਰ ਸਕਦਾ ਹਾਂ।
ਧਰਤੀ ਮਾਂ ਦੇ ਚਰਨਾਂ ਅੱਗੇ ਧਰ ਸਕਦਾ ਹਾਂ।
ਇਹ ਹਿੰਮਤ ਵੀ ਮੈਨੂੰ ਮੇਰੇ ਮਾਪਿਆਂ ਬਖ਼ਸ਼ੀ,
ਜਿਹੜੇ ਵੇਲੇ ਜੋ ਵੀ ਚਾਹਾਂ, ਕਰ ਸਕਦਾ ਹਾਂ।

ਘੜੀਆਂ, ਪਲ ਤੇ ਬੀਤ ਰਹੇ ਨੇ ਦਿਵਸ, ਮਹੀਨੇ।
ਗਿਣਤੀ ਮਿਣਤੀ ਖਾ ਚਲੀ ਹੈ ਯਾਰ ਨਗੀਨੇ।
'ਥਿਤ, ਵਾਰ ਨਾਜੋਗੀ ਜਾਣੇ', ਗੁਰ ਫੁਰਮਾਇਆ,
ਸੁਰਜ, ਚੰਦ ਵਿਗਾੜਨ ਸਾਰੀ ਖੇਡ ਕਮੀਨੇ।

ਸੰਧੂਰਦਾਨੀ / 75