ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਬੋਲਣ ਵਾਲੇ ਕਿੱਥੇ ਮਰ ਗਏ।
ਮੈਨੂੰ ਕੱਲ-ਮੁ-ਕੱਲਾ ਧਰ ਗਏ।
ਮੈਂ ਆਵਾਜ਼ ਬਣਾਂਗਾ ਸਭ ਦੀ,
ਇਹ ਕਿਉਂ ਏਦਾਂ ਧੋਖਾ ਕਰ ਗਏ।

ਜੇਬ 'ਚ ਰੱਖਾਂ ਕਲਮ-ਕਟਾਰ।
ਤਿੱਖਾ ਸ਼ਬਦ ਬਣੇ ਹਥਿਆਰ।
ਲੋਕੀਂ ਜੋ ਕੁਝ ਮਰਜ਼ੀ ਆਖਣ,
ਕਮਜ਼ੋਰਾਂ ਦਾ ਮੈਂ ਹਾਂ ਯਾਰ।

ਧਰਤੀ ਦੀ ਧੀ ਬੜੀ ਸੁਰੀਲੀ।
ਸਰ-ਸਹਿਜ਼ਾਦੀ ਤੇ ਅਣਖ਼ੀਲੀ।
ਬਾਬਲ ਦੀ ਪੱਗ, ਮਾਂ ਦੀ ਚੰਨੀ
ਚਾਹਵੇ ਹੋਵੇ ਯੁੱਗ ਤਬਦੀਲੀ।

ਸੰਧੂਰਦਾਨੀ / 66