ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਝ ਕਿਓ ਨਹੀਂ ਪੈਂਦੀ ਤੈਨੂੰ , ਜ਼ਿਦਗੀ ਤਾਂ ਅਹਿਸਾਸ ਕਟੋਰਾ।
ਦਿਲ ਦੀ ਦੌਲਤ ਖ਼ਰਚ ਲਿਆ ਕਰ, ਕਿਣਕਾ ਕਿਣਕਾ, ਭੋਰਾ ਭੋਰਾ।
ਮੁੜ ਆਉਂਦੀ ਹੈ ਜੇਕਰ ਆਪਾਂ ਵਡ ਦੇਈਏ ਕਣ ਕਣ ਖ਼ੁਸ਼ਬੋਈ,
ਫਿਰ ਕਿਓ “ਰੱਖੀਏ ਇਹ ਅਣਲਿਖਿਆ, ਦਿਲ ਤਖ਼ਤੀ ਦਾ ਮੱਥਾ ਕੋਰਾ।


ਸੋਨੇ ਦੇ ਪਿਜਰੇ ਵਿੱਚ ਮਿਲਦੀ ਹਰ ਤੋਤੇ ਨੂੰ ਚੂਰੀ।
ਦੱਸਿਆ ਸਬਕ ਸੁਣਾਉਣਾ ਪੈਂਦੈ, ਰੂਹ ਤੋਂ ਰੱਖ ਕੇ ਦੂਰੀ।
ਉੱਡਣੇ ਪੁੱਡਣੇ ਬਾਜ਼ਾਂ ਦੇ ਲਈ ਪਿਜਰਾ ਨਹੀਂ ਜੀ ਬਣਦਾ,
ਸੂਰਜ ਪਾਰ ਉਡਾਣ ਜਿਨ੍ਹਾਂ ਦੀ,ਚੋਗਾ ਨਾ ਮਜਬੂਰੀ।


ਕਿਨੇ ਫੁੱਲ ਜ਼ਮੀਨ ਤੇ ਕਿਰ ਗਏ , ਬਿਰਖ਼ ਕਦੇ ਪਛਤਾਉਂਦਾ ਨਹੀਂਓ
ਮਾਂ ਦੇ ਕੋਲੋਂ ਲੈਂਦਾ ਦੇਂਦਾ,ਤਾਂ ਹੀ ਤਾਂ ਘਬਰਾਉਂਦਾ ਨਹੀਂਓ
ਹਰ ਮੌਸਮ ਵਿੱਚ ਨਵੇਂ ਸ਼ਗੂਫ਼ੇ, ਪੱਤਰ, ਫੁੱਲ , ਫ਼ਲਾਂ ਦੇ ਗੁੱਛੇ ,
ਸਰਲ ਸਬਕ ਕਿਓ ਤੈਨੂੰ ਮੈਨੂੰ, ਸਮਝ ਕਦੇ ਵੀ ਆਉਂਦਾ ਨਹੀਂਓ।

ਸੰਧੂਰਦਾਨੀ / 50