ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/28

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪੇ ਆਪਣੇ ਵੈਰੀ ਬਣ ਗਏ,ਸਾਡਾ ਦੁਸ਼ਮਣ ਬਾਹਰ ਨਾ ਕੋਈ।
ਧਰਮ ਧੁਰੇ ਤੋਂ ਲਾਹ ਕੇ ਆਪਾਂ,ਨੱਚ ਰਹੇ ਹਾਂ ਲਾਹ ਕੇ ਲੋਈ।
ਅਮਰ ਵੇਲ ਦੀ ਆਪਣੀ ਜੜ੍ਹ ਤਾਂ ਨਾ ਧਰਤੀ ਨਾ ਅੰਬਰੀਂ ਹੋਵੇ,
ਪੱਤ ਹਰਿਆਲੇ ਬਿਰਖ਼ ਸੁਕਾਵੇ, ਆਪਣਾ ਜਿਸ ਦਾ ਬੀਜ ਨਾ ਕੋਈ।

ਮਨ ਦਾ ਮੋਰ ਉਦਾਸ ਖੜ੍ਹਾ ਹੈ, ਉੱਖੜੇ ਸੁਰ ਤੇ ਸਾਜ਼ ਵਜੱਈਆ।
ਤਪਦੀ ਲੂਅ ਤਨ ਮਨੂਆ ਸਾੜੇ,ਇੱਕੋ ਜਹੀ ਪੱਛੋਂ ਪੁਰਵੱਈਆ।
ਧਰਤੀ ਮਾਂ, ਰੰਗਲੀ ਫੁਲਕਾਰੀ ਇੱਕੋ ਰੰਗ ਵਿੱਚ ਡੁੱਬ ਚੱਲੀ ਹੈ,
ਚੁਸਤ ਵਪਾਰੀ ਬਣੇ ਲਲਾਰੀ,ਬਣਿਆ ਸਭ ਦਾ ਬਾਪ ਰੁਪਈਆ

ਸਾਲ ਦੇ ਤਿੰਨ ਸੌ ਪੈਂਠ ਦਿਨਾਂ ਚੋਂ ਚਿੜੀਆਂ ਲਈ ਦਿਨ ਰਾਖਵਾਂ ਰੱਖਣਾ।
ਇਹ ਫੋਕੀ ਹਮਦਰਦੀ ਤੋਂ ਵੱਧ, ਹੋਰ ਨਹੀਂ ਕੁਝ ਵੀ ਚੰਨ ਮੱਖਣਾ।
ਧਰਤੀ, ਪਾਣੀ, ਬਿਰਖ ਬਰੂਟੇ, ਹਾਉਕੇ ਭਰ ਭਰ ਤੜਪ ਰਹੇ ਨੇ,
ਜੇ ਨਾ ਰਲ ਇਹ ਪੂੰਜੀ ਸਾਂਭੀ, ਹੋ ਜਾਵੇਗਾ ਦਰ ਘਰ ਸੱਖਣਾ।

ਸੰਧੂਰਦਾਨੀ / 28