ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/11

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿੱਲ ਦੀ ਹਰਮਨਪਿਆਰਤਾ ਦੇ ਲਖਾਇਕ ਹਨ।

ਖੇਡ ਜਗਤ ਨਾਲ ਲੰਬਾ ਅਰਸਾ ਜੁੜੇ ਰਹਿਣ ਕਾਰਨ ਉਨ੍ਹਾਂ ਦੀਆਂ ਸੇਵਾਵਾਂ ਦੀ ਲੰਬੀ ਫ਼ਰਹਿਸਤ ਹੈ। ਇਸ ਤੋਂ ਇਲਾਵਾ ਉਹ ਹੋਰ ਵੀ ਕਈ ਸਭਿਆਚਾਰਕ ਸੰਸਥਾਵਾਂ ਦੇ ਸਰਪ੍ਰਸਤ ਅਤੇ ਅਹੁਦੇਦਾਰ ਰਹੇ ਹਨ ਅਤੇ 2016 ਵਿਚ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬੀ ਸਾਹਿੱਤ ਅਕਾਡਮੀ ਦੀ ਫੈਲੋਸ਼ਿਪ ਵੀ ਮਿਲੀ ਹੈ। ਗੁਰਭਜਨ ਗਿੱਲ ਦੀਆਂ ਗਤੀਵਿਧੀਆਂ ਦਾ ਦਾਇਰਾ ਪੰਜਾਬ ਤੱਕ ਹੀ ਮਹਦੂਦ ਨਹੀਂ ਹੈ, ਸਗੋਂ ਇਹ ਕੌਮਾਂਤਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੱਕ ਫੈਲਿਆ ਹੋਇਆ ਹੈ। ਮਹਾਂਰਾਸ਼ਟਰ ਵਿਖੇ ਭਗਤ ਨਾਮਦੇਵ ਜੀ ਦੀ ਯਾਦ ਵਿਚ ਪੂਨਾ ਵਿਖੇ ਹੋਏ ਵਿਸ਼ਵ ਸੰਮੇਲਨ ਅਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਹੁੰਦਿਆਂ ਕੋਲਕਾਤਾ ਵਿਖੇ ਗੁਰਦੇਵ ਰਾਬਿੰਦਰ ਨਾਥ ਟੈਗੋਰ ਦੀਆਂ ਸਮੁੱਚੀਆਂ ਰਚਨਾਵਾਂ ਦਾ 12 ਜਿਲਦਾਂ ਵਿਚ ਸੈੱਟ ਛਪਵਾ ਕੇ ਸ਼ਾਂਤੀ ਨਿਕੇਤਨ ਵਿਖੇ ਲੋਕ ਅਰਪਨ ਕਰਵਾਉਣ ਵਿਚ ਉਹਨਾਂ ਨੇ ਕੌਮਾਂਤਰੀ ਅਤੇ ਸਰੀ ਕੈਨੇਡਾ ਵਿਖੇ ਸੁੱਖੀ ਬਾਠ ਤੋਂ ਪੰਜਾਬ ਭਵਨ ਦੇ ਸੁਪਨੇ ਨੂੰ ਸਾਕਾਰ ਕਰਵਾਉਣ ਵਿਚ ਉਹਨਾਂ ਦਾ ਅਹਿਮ ਰੋਲ ਰਿਹਾ ਹੈ। ਉਹ ਕੈਨੇਡਾ, ਅਮਰੀਕਾ, ਇੰਗਲੈਂਡ, ਪਾਕਿਸਤਾਨ ਤੇ ਜਰਮਨੀ ਦੇ ਦੌਰੇ ਕਰ ਚੁੱਕੇ ਹਨ। ਵੱਖ ਵੱਖ ਦੇਸ਼ਾਂ ਵਿਦੇਸ਼ੀ ਟੀ.ਵੀ. ਚੈਨਲਾਂ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਝੰਡਾ ਬਰਦਾਰ ਵਜੋਂ ਗੁਰਭਜਨ ਗਿੱਲ ਦਾ ਯੋਗਦਾਨ ਰਿਹਾ ਹੈ।

ਗੁਰਭਜਨ ਗਿੱਲ ਦੇ ਰੁਬਾਈ ਸਹਿ "ਸੰਧੂਰਦਾਨੀ" ਵਿਚ ‘ਸੂਰਜ’, ‘ਫੁੱਲ' ਚਿਹਨ ਵਾਰ ਵਾਰ ਵਰਤੇ ਗਏ ਹਨ। ਸੂਰਜ ਕੁੱਲ ਬਨਸਪਤੀ ਤੇ ਸਾਡੀ ਜ਼ਿੰਦਗੀ ਦਾ ਧੁਰਾ ਹੈ, ਫੁੱਲ ਸੁੰਦਰਤਾ ਦਾ ਆਸ਼ਾਵਾਦੀ ਤੇ ਕੋਮਲਭਾਵੀ ਇਜ਼ਹਾਰ ਹਨ। ਗੁਰਭਜਨ ਗਿੱਲ ਦੀ "ਸੰਧੂਰਦਾਨੀ" ਵਿਚ ਇਹ ਰੰਗ ਆਪਸ ਵਿਚ ਘੁਲ ਮਿਲ ਕੇ ਸੰਧੂਰੀ ਹੋ ਜਾਂਦੇ ਹਨ। ਉਸਦੀ ਹਰ ਪੰਕਤੀ ਚਿੰਤਨ ਦੀ ਲੋਅ ਨਾਲ ਜਗਮਗਾਉਂਦੀ ਸੂਰਜ ਦੀ ਹਮਸਫ਼ਰ ਹੁੰਦੀ ਫੁੱਲਾਂ ਜਿਹੇ ਕੋਮਲ ਭਾਵਾਂ ਨਾਲ ਸ਼ਬਦਾਂ ਦੀ ਸਲਾਮਤੀ ਮੰਗਦੀ ਹੈ। ਇਹ ਸ਼ਾਇਰੀ ਸਾਡੇ ਸਨਮੁਖ ਕਈ ਸਵਾਲੀਆ ਨਿਸ਼ਾਨ ਖੜੇ ਕਰਦੀ ਤੇ ਸਾਰਥਕ ਸੰਵਾਦ ਰਚਾਉਂਦੀ ਹੈ।ਆਪਣੇ ਕਾਵਿ-ਕਥਨ ਨੂੰ ਉਹ ਇਸ ਤਰ੍ਹਾਂ ਜ਼ੁਬਾਨ ਦਿੰਦਾ ਹੈ:

ਥੋੜ੍ਹ-ਜਮੀਨੇ ਜੱਟ ਦਾ ਪੁੱਤ ਸਾਂ, ਇੱਕੋ ਨਸ਼ਾ ਉਡਾਈ ਫਿਰਦਾ।
ਸ਼ਬਦ ਸਲਾਮਤ ਰੱਖਣ ਖ਼ਾਤਰ, ਕਵਿਤਾ ਲਿਖਦਾਂ ਕਾਫ਼ੀ ਚਿਰਦਾ।
ਹੋਰ ਨਸ਼ੇ ਦੀ ਲੋੜ ਨਾ ਕੋਈ, ਮੇਰੇ ਪੱਲੇ ਕਿੰਨੀ ਸ਼ਕਤੀ
ਲੱਖੀ ਜੰਗਲ ਬਣਦੇ ਆਪੇ, ਲੋਕ ਪਿਆਰੇ ਤੇ ਚੌਗਿਰਦਾ

ਸੰਧੂਰਦਾਨੀ/11