ਇਹ ਸਫ਼ਾ ਪ੍ਰਮਾਣਿਤ ਹੈ

ਸੀ। ਇਕ ਬਾਲਟੀ ਇਕ ਗੜਵਾ ਤੇ ਅੱਠ ਦਸ ਕੌਲੇ ਆਪ ਆਪਣੇ ਪਾਸ ਰਖਦੇ ਸਨ, ਪਰਕਰਮਾਂ ਵਿਚ ਚੌੜੀਆਂ ਪੌੜੀਆਂ ਵਾਲੇ ਪਾਸੇ ਆਪ ਜਲ ਲੈਕੇ ਬੈਠ ਜਾਂਦੇ ਤੇ ਸੰਗਤਾਂ ਨੂੰ ਪ੍ਰੇਮ ਨਾਲ ਠੰਢੇ ਜਲ ਛਕਾਉਂਦੇ ਰਹਿੰਦੇ ਸਨ। ਆਪ ਦੇ ਵੇਖਾ ਵੇਖੀ ਕਈ ਸਿੰਘ ਤੇ ਮਾਈਆਂ ਬੀਬੀਆਂ ਆ ਜਾਂਦੀਆਂ ਜੋ ਜਲ ਭਰਨ ਤੇ ਜੂਠੇ ਕੌਲਿਆਂ ਨੂੰ ਸਾਫ ਕਰ ਦੇਣ ਦੀ ਸੇਵਾ ਕਰਦੀਆਂ ਸਨ। ਇਸ ਤਰ੍ਹਾਂ ਹੁੰਦੇ ਹੁੰਦੇ ਆਪ ਦੀ ਇਹ ਸੇਵਾ ਇਕ ਮੁਕੰਮਲ ਛਬੀਲ ਬਣ ਗਈ, ਜੋ ਅਜ ਤਕ ਸ਼ਾਹਾਬਾਦੀਆਂ ਦੇ ਬੁੰਗੇ ਵਾਲੀ ਦੀਵਾਰ ਨਾਲ ਮੌਜੂਦ ਹੈ। ਜਲ ਛਕਾਉਣ ਦੀ ਸੇਵਾ ਆਪ ਦੇ ਡੇਰੇ ਦੇ ਸਿੰਘ ਕਰਦੇ ਹਨ, ਬਰਤਨ ਆਦਿਕਾਂ ਦੀ ਸੇਵਾ ਸ਼ਾਦੀ ਗ਼ਮੀ ਵੇਲੇ ਸ਼ਹਿਰ ਦੇ ਗੁਰੂ ਸਵਾਰੇ ਸਿੰਘ ਕਰਦੇ ਰਹਿੰਦੇ ਹਨ। ਸੰਧ੍ਯਾ ਵੇਲੇ ਬਿਹੰਗਮਾਂ ਨੂੰ ਇਥੋਂ ਪ੍ਰਸ਼ਾਦਾ ਵੀ ਮਿਲ ਜਾਂਦਾ ਹੈ। ਅਜ ਕਲ ਇਕ ਹੋਰ ਵੀ ਛਬੀਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਚੌਂਕ ਵਿਚ ਲਗੀ ਹੋਈ ਹੈ, ਪਰ ਪੁਰਾਣੀ ਤੇ ਅਸਲੀ ਛਬੀਲ ਭਾਈ ਸੁਵਾਇਆ ਸਿੰਘ ਜੀ ਵਾਲੀ ਹੀ ਹੈ।

੬. ਫਿਰਤੂ ਛਬੀਲ-

ਆਪ ਆਪਣੇ ਨਾਮ ਅਭਯਾਸ ਵਿਚ ਤਤਪਰ ਰਹਿੰਦੇ ਹੋਏ ਸੇਵਾ ਦੇ ਪੁਤਲੇ ਸਨ ਤੇ ਉਪਕਾਰ ਆਪ ਦਾ ਸੁਭਾਉ ਬਣ ਗਿਆ ਸੀ। ਇਹ ਸਰੀਰ ਅਨਿਸਥਰ ਤੇ ਛਿਨ ਭੰਗਰ ਹੈ, ਇਸ ਤੋਂ ਜਿੰਨੀ ਸੇਵਾ ਲੈ ਲਈ ਜਾਏ ਲਾਹਾ ਹੈ, ਇਹ ਆਪ ਦਾ ਸਿੱਧਾਂਤ ਸੀ ਕਿ:- ‘ਵਿਣੁ ਸੇਵਾ ਧ੍ਰਿਗੁ ਹਥ ਪੈਰ ਹੋਰ ਨਿਹਫਲ ਕਰਣੀ’। ਸ੍ਰੀ ਤਰਨ ਤਾਰਨ, ਗੋਇੰਦਵਾਲ, ਬਾਸਰਕੀ, ਬਾਬਾ ਬਕਾਲਾ, ਸ੍ਰੀ ਆਨੰਦ-ਪੁਰ ਸਾਹਿਬ, ਮੁਕਤਸਰ ਤੇ ਨਨਕਾਣਾ ਸਾਹਿਬ ਆਦਿਕ ਗੁਰਦਵਾਰਿਆਂ ਪੁਰ ਮੇਲਿਆਂ ਸਮੇਂ ਲੱਖਾਂ ਦੀ ਭੀੜ ਹੁੰਦੀ ਹੈ। ਅਜੇ ਰੇਲ ਨਹੀਂ ਚੱਲੀ ਸੀ, ਸਫਰ ਪੈਦਲ ਹੁੰਦੇ ਸਨ, ਆਪ ਗੱਡੇ ਲੈਕੇ ਇਨ੍ਹਾਂ ਸਾਰਿਆਂ ਮੇਲਿਆਂ ਤੇ ਪੁੱਜਦੇ ਸਨ। ਗੱਡੇ ਤੇ ਛਬੀਲ ਦਾ ਸਾਮਾਨ ਹੁੰਦਾ ਸੀ, ਸੰਗਤਾਂ ਦੇ ਬਿਸਤਰੇ ਆਦਿਕ

-੯੧-