ਇਹ ਸਫ਼ਾ ਪ੍ਰਮਾਣਿਤ ਹੈ

ਫੇਰ ਕੇ ਪੁੱਛਿਆ ‘ਕਿਉਂ ਬੀਬਾ! ਕਿਧਰ ਆਇਆਂ ਹੈਂ ਤੇ ਤੈਨੂੰ ਕੀ ਚਾਹੀਦਾ ਹੈ?’ ਤਾਂ ਭਾਈ ਜੀ ਨੇ ਕਿਹਾ, ‘ਜੀਉ ! ਚਾਹੀਦਾ ਕੁਝ ਨਹੀਂ, ਜੀਉ ਕਰਦਾ ਹੈ ਕਿ ਆਪ ਦੀ ਸੇਵਾ ਕਰਾਂ ਅਤੇ ਇਥੇ ਹੀ ਰਹਵਾਂ, ਮੈਨੂੰ ਸੇਵਕਾਂ ਵਿਚ ਕਬੂਲ ਕਰ ਲਓ’। ਭਾਈ ਤੇਰਾ ਕੀ ਨਾਮ? ਉੱਤਰ ਦਿੱਤਾ ਜੀ 'ਰਾਮ ਕਿਸ਼ਨ'। ਤਾਂ ਭਾਈ ਜੀ ਨੇ ਗਹੁ ਨਾਲ ਆਪ ਵਲ ਤੱਕਿਆ ਤੇ ਫਿਰ ਪਿੱਠ ਉਪਰ ਥਾਪੀ ਦਿਤੀ ਅਤੇ ਕਿਹਾ 'ਸੰਤਾ ਕੇ ਕਾਰਜਿ ਆਪ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ’॥ ਫਿਰ ਕਹਿਣ ਲਗੇ “ਗੁਰੂ ਕੇ ਘੱਲੇ ਬਾਲਕ! ਸਾਧ ਸੰਗਤ ਦੀ ਸੇਵਾ ਚਾ ਲਓ, ਇਹੋ ਕਿੱਤਾ ਹੈ ਜੋ ਸਾਈਂ ਦੀ ਸੇਵਾ ਦਾ ਮੁੱਢ ਹੈ’।

ਉਧਰ ਜਦ ਸੰਝਾਂ ਪਈ ਤੇ ਪਿਤਾ ਜੀ ਘਰ ਆਏ, ਪ੍ਰਸ਼ਾਦ ਛਕਿਆ ਤਾਂ ਆਪਣੀ ਇਸਤ੍ਰੀ ਤੋਂ ਪੁਛਿਆ ਕਿ ਕਾਕਾ ਰਾਮ ਕਿਸ਼ਨ ਕਿੱਥੇ ਹੈ? ਮਾਤਾ ਜੀ ਨੇ ਕਿਹਾ ਕਿ ਤੁਹਾਡੇ ਨਾਲ ਲਾਈਆਂ ਨੂੰ ਜੋ ਗਿਆ ਸੀ। ਪਿਤਾ ਰਾਮ ਜਿਵਾਇਆ ਜੀ ਨੇ ਕਿਹਾ ਕਿ ਮੇਰੇ ਕੋਲੋਂ ਤਾਂ ਦੁਪਹਿਰਾਂ ਦਾ ਆ ਗਿਆ ਹੋਇਆ ਹੈ; ਉਥੇ ਕੰਮ ਤਾਂ ਕਰਦਾ ਕੋਈ ਨਹੀਂ ਸੀ ਜਿਸ ਤੋਂ ਮੈਂ ਗੁੱਸੇ ਹੋਕੇ ਝਿੜਕਿਆ ਸੀ ਤਾਂ ਉਹ ਟੂਰ ਆਇਆ ਸੀ। (ਸੋਚ ਕੇ) ਕਿੱਥੇ ਹੋਸੀ, ਹੋਰ ਕਿੱਥੇ ਹੋਣਾ ਹੈ? ਧਰਮਸਾਲੇ ਹੀ ਸੌਂ ਰਿਹਾ ਹੋਸੀ, ਵੇਹਲੜਾਂ ਦਾ ਥਾਂ ਥਿੱਤਾ ਉਹੋ ਹੀ ਹੈ ਨਾ, ਚੱਲੋ ਸਵੇਰੇ ਲੈ ਆਵਾਂਗੇ, ਹੁਣ ਕੌਣ ਖੇਚਲ ਕਰੇ; ਇਹ ਕਹਿ ਕੇ ਦੋਵੇਂ ਸੈਂ ਰਹੇ।

ਸਵੇਰ ਵੇਲਾ ਹੋਇਆ, ਪਿਤਾ ਜੀ ਧਰਮਸਾਲੇ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਿਵਾਨ ਸਜਿਆ ਹੋਇਆ ਸੀ, ਆਪ ਨੇ ਮੱਥਾ ਟੇਕਿਆ। ਫਿਰ ਨਜ਼ਰ ਦੁੜਾਈ ਤਾਂ ਰਾਮ ਕਿਸ਼ਨ ਜੀ ਨੂੰ ਖੂੰਜੇ ਬੈਠਾ ਵੇਖਕੇ ਕੋਲ ਜਾਕੇ ਹੌਲੇ ਜਿਹੇ ਕਿਹਾ, ਉਇ ਰਾਮ ਕਿਸ਼ਨ! ਤੂੰ ਕਲ ਦਾ ਨਿਕਲਿਆ ਹੋਇਆ। ਘਰ ਹੀ ਨਹੀਂ ਵੜਿਆ, ਰਾਤ ਕਿਥੇ ਰਿਹੋਂ? ਚੱਲ ਹੁਣ ਘਰ ਚੱਲ। ਰਾਮ ਕਿਸ਼ਨ ਜੀ ਨੇ ਸਿਰ ਨਿਵਾਕੇ ਹੱਥ ਜੋੜ ਕੇ ਕਿਹਾ: ‘ਪਿਤਾ ਜੀ! ਹੁਣ ਮਿਹਰ ਕਰੋ ਤੇ ਆਪਣੇ ਬਚਨ ਨੂੰ ਸੁਫਲਾ ਕਰ ਦਿਓ।

- ੫ -