ਇਹ ਸਫ਼ਾ ਪ੍ਰਮਾਣਿਤ ਹੈ

ਨੇੜੇ ਦੇ ਤੇ ਸਾਕ ਸਨਬੰਧੀ ਬੀ ਬਹੁਤ ਸਤਿਕਾਰ ਕਰਦੇ ਸਨ ਅਤੇ ਸਾਧੂ ਸੰਤਾਂ ਵਿਚ ਬੀ ਬੜੇ ਮਾਨਯਵਰ ਹੋ ਗਏ ਸਨ। ਸਭ ਉਨ੍ਹਾਂ ਦੀ ਸੁਹਿਰਦਤਾ ਤੇ ਸਚਾਈ ਅਗੇ ਸਿਰ ਨਿਵਾਉਂਦੇ ਸਨ।

੭. ਅਨੋਖਾ ਨਿਆਂ ਕੀਤਾ-

ਭੇਹਰੇ ਸ਼ਹਿਰ ਵਿਚ ਸੰਨਿਆਸੀ ਸੰਤਾਂ ਦੇ ਦੋ ਡੇਰੇ ਸਨ, ਇਕ ਪਰਮ ਹੰਸਾਂ ਦਾ ਤੇ ਇਕ ਨਾਂਗਿਆਂ ਦਾ। ਇਕ ਡੇਰੇ ਦਾ ਦੇਗਬਰਾ ਦੂਜੇ ਡੇਰੇ ਵਾਲੇ ਮਾਂਗਵਾਂ ਲੈ ਗਏ, ਕਾਰਜ ਸਰ ਜਾਣ ਪਿਛੋਂ ਜਿਨ੍ਹਾਂ ਦਾ ਦੇਗਬਰਾ ਸੀ ਉਨ੍ਹਾਂ ਮੰਗਿਆ ਨਾ, ਜਿਨ੍ਹਾਂ ਆਂਦਾ ਸੀ ਉਨ੍ਹਾਂ ਵਾਪਸ ਨਾ ਦਿਤਾ। ਕੁਛ ਸਮਾਂ ਬੀਤ ਜਾਣ ਤੇ ਜਦ ਦੇਗਬਰੇ ਵਾਲਿਆਂ ਦੇਗਬਰੇ ਦੀ ਭਾਲ ਕੀਤੀ ਤਦ ਡੇਰੇ ਵਿਚੋਂ ਨਾ ਮਿਲਿਆ, ਉਨ੍ਹਾਂ ਨੂੰ ਯਾਦ ਆ ਗਿਆ ਕਿ ਉਹ ਤਾਂ ਦੂਜੇ ਡੇਰੇ ਵਾਲਿਆਂ ਨੂੰ ਦਿਤਾ ਹੋਇਆ ਸੀ, ਉਥੋਂ ਮੁੜਕੇ ਨਹੀਂ ਆਇਆ। ਸੋ ਉਨ੍ਹਾਂ ਨੇ ਉਸ ਡੇਰੇ ਵਾਲਿਆਂ ਤੋਂ ਮੰਗ ਘੱਲਿਆ। ਉਨ੍ਹਾਂ ਨੇ ਦੇਖਭਾਲ ਕੀਤੀ,ਪਰ ਉਨ੍ਹਾਂ ਨੂੰ ਵੀ ਨਾ ਮਿਲਿਆ, ਜਿਸ ਤੇ ਉਨ੍ਹਾਂ ਨੇ ਕਹਿ ਦਿਤਾ ਕਿ ਅਸੀਂ ਤੁਹਾਨੂੰ ਦੇ ਦਿੱਤਾ ਹੋਇਆ ਹੈ।

ਜਿਨ੍ਹਾਂ ਦਾ ਦੇਗਬਰਾ ਗੁਆਚਾ ਸੀ ਉਨ੍ਹਾਂ ਨੇ ਪੰਚਾਇਤ ਸੱਦੀ, ਪਰ ਡੇਰੇ ਵਾਲਿਆਂ ਨੇ ਪੰਚੈਤ ਦੇ ਅਗੇ ਵੀ ਨਾਂਹ ਕਰ ਦਿਤੀ। ਹੁਣ ਉਹ ਸਾਰਿਆਂ ਤੋਂ ਵੱਡੀ ਅਦਾਲਤ ਭਾਈ ਬੁੱਧੂ ਸਾਹਿਬ ਜੀ ਦੀ ਸਮਝਦੇ ਸੀ, ਸੋ ਓਹ ਇਨਾਂ ਪਾਸ ਫਰਿਆਦੀ ਆ ਹੋਏ। ਭਾਈ ਬੁੱਧੂ ਜੀ ਨੇ ਜਦ ਉਸ ਡੇਰੇ ਦੇ ਸਾਧਾਂ ਨੂੰ ਸੱਦ ਭੇਜਿਆ ਤਦ ਉਹ ਸੋਚਾਂ ਵਿਚ ਪੈ ਗਏ। ਉਹ ਜਾਣਦੇ ਸਨ ਕਿ ਦੇਗਬਰਾ ਵਾਪਸ ਦਿਤਾ ਨਹੀਂ, ਜੇ ਹੁਣ ਸੰਤਾਂ ਦੇ ਸਾਹਮਣੇ ਜਾਕੇ ਕਹਿੰਦੇ ਹਾਂ ਕਿ ਦੇ ਦਿਤਾ ਹੈ, ਤਦ ਇਹ ਝੂਠ ਹੈ। ਭਾਈ ਸਾਹਿਬ ਜਾਣੀ ਜਾਣ ਹਨ, ਜੇ ਉਨ੍ਹਾਂ ਮੂੰਹੋਂ ਕੁਛ ਕਹਿ ਦਿਤਾ ਤਾਂ ਉਹ ਸੱਤ ਹੋਏ ਬਿਨਾਂ ਟਲੇਗਾ ਨਹੀਂ ਤੇ ਜੇ ਕਿਹਾ ਕਿ ਹੁਣ ਦੇ ਦੇਂਦੇ ਹਾਂ ਤਦ ਪੰਚਾਇਤ ਦੇ ਸਾਹਮਣੇ ਨਾਂਹ ਕਰ ਚੁਕੇ ਹਾਂ, ਲੋਕੀ ਕਹਿਣਗੇ ਕਿ ਵੇਖੋ ਸਾਧੂ ਝੂਠ ਬੋਲਦੇ ਹਨ। ਇਹ ਵਿਚਾਰਕੇ ਡੇਰੇ ਦਾ ਮਹੰਤ

- ੬੦ -