ਇਹ ਸਫ਼ਾ ਪ੍ਰਮਾਣਿਤ ਹੈ

ਛਤ੍ਰ ਛਾਇਆ ਸਿਰ ਤੋਂ ਉਠ ਗਈ ।ਇਹ ਸੱਟ ਅਜਿਹੀ ਨਹੀਂ ਸੀ ਜਿਸ ਨੂੰ ਕਿ ਆਪ ਭੁੱਲ ਜਾਂਦੇ, ਬਚਪਨ ਵਿਚ ਹੀ ਇਹ ਆਪ ਦੇ ਸੁਤੇ ਵੈਰਾਗੀ ਮਨ ਉਤੇ ਉਪਰਾਮਤਾ ਦਾ ਅਸਰ ਪਾ ਗਈ।

ਆਪ ਦੇ ਜਨਮ ਦਾ ਠੀਕ ਸੰਮਤ ਨਹੀਂ ਮਿਲਿਆ, ਪਰ ਵਡੇ ਆਦਮੀਆਂ ਪਾਸੋਂ ਖੋਜ ਕਰਨ ਤੇ ਟੋਹ ਇਥੋਂ ਤੱਕ ਲੈ ਜਾਂਦੀ ਹੈ ਕਿ ੧੮੫੦ ਤੋਂ ੧੮੫੫ ਸੰਮਤ ਬਿਕ੍ਰਮੀ ਦੇ ਵਿਚਕਾਰ ਆਪ ਦਾ ਜਨਮ ਹੋਇਆ ਹੈ।

੨. ਨਿੱਤ ਕਿਯਾ ਤੇ ਧਰਮ ਦੀ ਕਿਰਤ-

ਬਾਲਪਨੇ ਵਿਚ ਹੀ ਆਪ ਦਾ ਰੁਖ਼ ਸਤਿਸੰਗ ਵਲ ਹੈਸੀ। ਗੁਰਦਵਾਰੇ ਦੋਨੋਂ ਵੇਲੇ ਜਾਣਾ, ਕਥਾ ਕੀਰਤਨ, ਬਾਣੀ ਦੇ ਪਾਠ ਵਲ ਆਪ ਦੀ ਰੁਚੀ ਦਿਨ ਬਦਿਨ ਵਧਦੀ ਰਹੀ। ਆਏ ਗਏ ਸਿੱਖ ਅਭਯਾਗਤ ਦੀ ਸੇਵਾ ਵਿਚ ਆਪ ਖੁਸ਼ੀ ਅਨੁਭਵ ਕਰਦੇ। ਖੱਟ ਘਾਲਕੇ ਜੋ ਕੁਛ ਹੱਥ ਆਉਂਦਾ ਉਹਦੇ ਨਾਲ ਆਪਣਾ ਨਿਰਬਾਹ ਕਰਦੇ, ਜੋ ਕੁਛ ਬਚ ਜਾਂਦਾ ਉਹ ਦੁਖੀ ਦਰਿਦਰੀ ਤੇ ਸੰਤਾਂ ਦੀ ਸੇਵਾ ਵਿਚ ਖਰਚ ਕਰ ਦੇਂਦੇ। ੨੦-੨੨ ਸਾਲ ਦੀ ਆਯੂ ਤਕ:- 'ਘਾਲਿ ਖਾਇ ਕਿਛੁ ਹਥਹੁ ਦੇਇ' ਦੇ ਆਪ ਧਾਰਨੀ ਰਹੇ। ਆਪ ਦੇ ਨਗਰ ਵਿਚ ਦੂਜ ਦੇ ਚੰਦ੍ਰਮਾਂ ਵਾਂਗ ਆਪ ਦਾ ਸਤਿਕਾਰ ਹੋਣ ਲੱਗ ਪਿਆ ਤੇ ਆਪ ਦੀ ਕੀਰਤੀ ਦਿਨ ਬਦਿਨ ਫੈਲਣ ਲਗ ਪਈ।

ਗੁਰੂ ਘਰ ਵਿਚ ਚੋਰੀ ਮਨ੍ਹਾ ਹੈ, ਠੱਗੀ ਮਨ੍ਹਾ ਹੈ, ਪਰਾਇਆ ਹੱਕ ਮਾਰਨਾ ਮਨ੍ਹਾ ਹੈ, ਪਰ ਕਿਰਤ ਕਰਨੀ ਮਨ੍ਹਾਂ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਐਮਨਾਬਾਦ ਵਾਲਾ ਪ੍ਰਸੰਗ ਪ੍ਰਸਿੱਧ ਹੈ, ਆਪ ਨੇ ਤਰਖਾਣ ਲਾਲੋ ਦੇ ਘਰ ਦੀ ਕੋਧਰੇ ਦੀ ਰੋਟੀ ਵਿਚ ਦੁੱਧ ਤੇ ਮਲਕ ਭਾਗੋ ਦੇ ਪੂੜੇ ਤੇ ਕਚੌਰੀਆਂ ਵਿਚ ਰੱਤ ਦੱਸੀ ਸੀ, ਜਿਸ ਦਾ ਭਾਵ ਇਹ ਸੀ ਕਿ ਦਸਾਂ ਨਹੁੰਵਾਂ ਦੀ ਕਿਰਤ ਕਰਕੇ ਕਮਾਉਣਾ ਤੇ ਖਾਣਾ ਹੱਕ ਹਲਾਲ ਦੀ ਕਮਾਈ ਹੈ, ਇਸ ਨੂੰ ਦੁੱਧ ਸਮਝੋ। ਗਰੀਬਾਂ ਤੇ ਜ਼ੁਲਮ ਕਰਕੇ, ਠੱਗੀ

- ੫੪ -