ਇਹ ਸਫ਼ਾ ਪ੍ਰਮਾਣਿਤ ਹੈ

ਮਹਾਨ ਉੱਚੀ ਤੇ ਸੁਚੀ ਕੌਮ ਦੇ ਅੰਗ ਹੋਣ ਤੋਂ ਉਨ੍ਹਾਂ ਦੇ ਫਰਜ਼ ਕੀਹ ਹਨ? ਅਸਾਂ ਅਖਬਾਰ ਖਾਲਸਾ ਸਮਾਚਾਰ ਵਿਚ ‘ਸੰਤ ਗਾਥਾ’ ਤੇ ‘ਬੀਰ ਦਰਸ਼ਨ’ ਹੈਡਿੰਗ ਹੇਠ ਮਹਾਨ ਕਰਨੀ ਵਾਲੇ ਧਰਮੀਆਂ ਤੇ ਬੀਰ ਰਸ ਮੱਤੇ ਯੋਧਿਆਂ ਦੇ ਦੇਸ਼ ਸੇਵਾ, ਕੌਮੀ ਪਿਆਰ ਤੇ ਰੂਹਾਨੀ ਚਮਤਕਾਰ ਵਿਖਾਉਣ ਵਾਲੇ ਕਾਰਨਾਮੇ ਲਿਖਣੇ ਸ਼ੁਰੂ ਕਰ ਰਖੇ ਹਨ, ਅਤੇ ਕੁਛਕੁ ਇਸ ਸਮੇਂ ਦੇ ਲਾਗੇ ਲਾਗੇ ਦੇ ਹੋਏ ਸਤਿਪੁਰਖਾਂ ਤੇ ਸੂਰਮਿਆਂ ਦੇ ਸਮਾਚਾਰ ਮਿਹਨਤ ਨਾਲ ਕੱਠੇ ਕੀਤੇ ਤੇ ਇਨ੍ਹਾਂ ਪੰਥ ਦੀਆਂ ਸੁੱਚੀਆਂ ਤੇ ਸੱਚੀਆਂ ਵ੍ਯਕਤੀਆਂ ਦੇ ਇਹ ਸਮਾਚਾਰ ਕਲਮ ਬੰਦ ਕੀਤੇ ਹਨ ਜੋ ਆਪਣੇ ਧਾਰਮਕ ਉੱਚ ਭਾਵਾਂ ਤੇ ਸ਼ੁਭ ਕਰਨੀਆਂ ਨਾਲ ਆਪਣੇ ਸਮੇਂ ਵਿਚ ਅਨੇਕਾਂ ਭਟਕਦੀਆਂ ਰੂਹਾਂ ਨੂੰ ਸੁਮਾਰਗ ਲਾਉਂਦੀਆਂ ਰਹੀਆਂ ਹਨ।

ਏਹ ਪ੍ਰਸੰਗ ਜਿਸ ਤਰ੍ਹਾਂ ਇਕ ਪਾਸੇ ਮੁਰਦਾ ਰੂਹਾਂ ਵਿਚ ਜੀਵਨਕਣੀ ਫੂਕਣ ਵਾਲੇ ਹਨ ਉਸੇ ਤਰ੍ਹਾਂ ਢਹਿੰਦੀਆਂ ਕਲਾਂ ਵਿਚ ਗਈਆਂ ਵ੍ਯਕਤੀਆਂ ਦੀਆਂ ਰਗਾਂ ਵਿਚ ਸ਼ਹੀਦੀ ਖੂਨ ਦੌੜਾਉਣ ਵਾਲੇ ਹਨ।

ਇਹ ਪ੍ਰਸੰਗ ਸਰਵ ਸਾਧਾਰਨ ਵਿਚ ਬੜੇ ਸਤਿਕਾਰੇ ਜਾਂਦੇ ਰਹੇ ਹਨ। ਹੁਣ ਇਹ ਮੰਗ ਹੋ ਰਹੀ ਸੀ ਕਿ ਅਖਬਾਰ ਦੇ ਇਨ੍ਹਾਂ ਲੇਖਾਂ ਨੂੰ ਪੁਸਤਕ ਦੀ ਸ਼ਕਲ ਵਿਚ ਸੰਚਯ ਕਰ ਦਿਤਾ ਜਾਵੇ, ਤਾਂਕਿ ਗ੍ਰਿਹਸਤੀ, ਸਾਧੂ, ਸੰਤ ਤੇ ਡੇਰੇਦਾਰ ਇਨ੍ਹਾਂ ਤੋਂ ਇਕੋ ਜਿਹਾ ਲਾਭ ਉਠਾ ਸਕਣ। ਇਹ ਸਿਲਸਿਲਾ ਅਜੇ ਉਪ੍ਰੋਕਤ ਅਖਬਾਰ ਵਿਚ ਜਾਰੀ ਹੈ ਤੇ ਸੰਗਤਾਂ ਦੀ ਮੰਗ ਹੋਣ ਤੇ ‘ਸੰਤ ਗਾਥਾ’ ਦੇ ਹੈਡਿੰਗ ਹੇਠ ਛਪ ਚੁਕੇ ਪ੍ਰਸੰਗ ਪੁਸਤਕ ਦੀ ਸ਼ਕਲ ਵਿਚ ਪ੍ਰਕਾਸ਼ਤ ਕੀਤੇ ਜਾਂਦੇ ਹਨ।

ਇਸ ਤਰ੍ਹਾਂ ‘ਬੀਰ ਦਰਸ਼ਨ’ ਦੇ ਹੈਡਿੰਗ ਹੇਠ, ਜਿਨ੍ਹਾਂ ਧਰਮ ਯੋਧੇ ਤੇ ਦੇਸ਼ ਭਗਤ ਸੂਰਮਿਆਂ ਦੇ ਪ੍ਰਸੰਗ ਪ੍ਰਕਾਸ਼ਤ ਹੋ ਚੁਕੇ ਹਨ, ਉਹ ਵੀ ਪੁਸਤਕ ਦੀ ਸ਼ਕਲ ਵਿਚ ਪਾਠਕਾਂ ਦੇ ਕਰ-ਕਮਲਾਂ ਵਿਚ ਛੇਤੀ ਹੀ ਪੁਚਾਉਣ ਦੀ ਆਸ ਹੈ।

ਅੰਮ੍ਰਿਤਸਰ-ਜੂਨ, ੧੯੩੮।]

-2-