ਇਹ ਸਫ਼ਾ ਪ੍ਰਮਾਣਿਤ ਹੈ

ਇਸ ਸੱਜਣ ਨੇ ਬਚਨ ਨਾ ਮੰਨਿਆਂ। ਹੋਰ ਬੀ ਕੋਈ ਉਪਰਾਲਾ ਉਸ ਵੇਲੇ ਗ਼ਰੀਬ ਦੀ ਮਦਦ ਦਾ ਨਹੀਂ ਸੀ, ਤਾਂ ਸੰਤ ਉਸ ਨੂੰ ਕਹਿਣ ਲਗੇ: ਭਾਈ ਕਿਰਤ ਕਰ, ਕਮਾ, ਥੁਹੜਾ ਖਾਹ, ਬਚਾ ਤੇ ਕਰਜ਼ਾ ਲਾਹ, ਲਹਿਣੇਦਾਰ ਪਿਆਰਾ ਤਾਂ ਮਾਯਾ ਦੇ ਮੋਹ ਵਿਚੋਂ ਅਜੇ ਛੁਟਦਾ ਨਹੀਂ, ਤੂੰ ਕਿਰਤ ਕਰ ਤੇ ਭਜਨ ਕਰ। ਕੁਦਰਤ ਐਸੀ ਹੋਈ ਕਿ ਉਹ ਸ਼ਾਹੂਕਾਰ ਨਾਲਸ਼ ਕਰਨ ਤੋਂ ਪਹਿਲੇ ਚਲਾਣਾ ਕਰ ਗਿਆ ਤੇ ਉਨ੍ਹਾਂ ਦਿਨਾਂ ਵਿਚ ਮਿਆਦ ਗੁਜ਼ਰ ਗਈ, ਕਰਜ਼ਾਈ ਨੂੰ ਕਾਰ ਵਿਹਾਰ ਵਿਚ ਲਾਭ ਹੋਇਆ, ਸੰਤਾਂ ਨੇ ਕਰਜ਼ੇ ਦੀ ਰਕਮ ਸ਼ਾਹੂਕਾਰ ਦੇ ਘਰ ਪੁਜਵਾ ਦਿਤੀ।

ਇਕ ਵਾਕਿਆ ਹੋਰ ਲੋਕਾਂ ਨੂੰ ਅੱਖੀਂ ਡਿੱਠਾ ਯਾਦ ਹੈ, ਜਿਸ ਤੋਂ ਉਹਨਾਂ ਦੇ ਗੁਰ ਨਾਨਕ ਦੇਵ ਜੀ ਨਾਲ ਪ੍ਰੀਤ ਦਾ ਅੰਦਾਜ਼ਾ ਹੁੰਦਾ ਹੈ ਤੇ ਉਨ੍ਹਾਂ ਦੇ ਉੱਚੇ ਵਲਵਲੇ ਕਿਸ ਨਾਜ਼ੁਕ ਹਾਲਤ ਤਕ ਅੱਪੜ ਜਾਂਦੇ ਸੀ ਦਾ ਥਹੁ ਪੈਂਦਾ ਹੈ।

੮. ਗੁਰ ਨਾਨਕ ਨਾਲ ਪ੍ਰੇਮ-

ਇਕ ਵੇਰ ਦੋ ਰਬਾਬੀ ਧਰਮਸਾਲ ਵਿਚ ਆਏ ਅਤੇ ਕੀਰਤਨ ਕਰਦਿਆਂ ਕਰਦਿਆਂ ਉਹਨਾਂ ਗੁਰੂ ਨਾਨਕ ਸਾਹਿਬ ਜੀ ਵਾਲਾ ਖਰੇ ਸੌਦੇ ਦਾ ਪ੍ਰਸੰਗ ਪੜ੍ਹਨਾ ਸ਼ੁਰੂ ਕੀਤਾ। ਭਾਈ ਰਾਮ ਕਿਸ਼ਨ ਜੀ ਬੜੇ ਪਿਆਰ ਨਾਲ ਪ੍ਰਸੰਗ ਸੁਣ ਰਹੇ ਸਨ। ਭਾਵੇਂ ਸੰਸਾਰੀ ਲੋਕ ਤਾਂ ਰੋਜ਼ ਹੀ ਪ੍ਰਸੰਗ ਕਈ ਤਰ੍ਹਾਂ ਦੇ ਸੁਣਦੇ ਹਨ ਤੇ ਕੁਝ ਅਸਰ ਨਹੀਂ ਹੁੰਦਾ, ਪਰ ਇਨ੍ਹਾਂ ਦੇ ਸਾਹਮਣੇ ਤਾਂ ਕੇਵਲ ਰਬਾਬੀ ਪ੍ਰਸੰਗ ਪੜ੍ਹ ਹੀ ਨਹੀਂ ਰਹੇ ਸਨ, ਸਗੋਂ ਉਹ ਸਾਰਾ ਨਕਸ਼ਾ ਅੱਖਾਂ ਦੇ ਸਾਹਮਣੇ ਆ ਖੜੋਤਾ, ਜਿਸ ਨੂੰ ਬੀਤਿਆਂ ਤ੍ਰੈ ਸੌ ਸਾਲ ਤੋਂ ਉਤੇ ਸਮਾਂ ਲੰਘ ਚੁਕਾ ਸੀ, ਜਦੋਂ ਰਬਾਬੀਆਂ ਏਹ ਤੁਕ ਪੜ੍ਹੀ:-

ਗੁੱਸੇ ਵਿਚ ਆਇ ਪਿਤਾ ਚੰਡ ਮਾਰਦਾ,
ਲਾਲ ਕਰ ਅੱਖੀਆਂ ਨੂੰ, ਇਹ ਪੁਕਾਰਦਾ!
ਕਿਥੇ ਤੈਨੇ ਜਾਇਕੇ ਰੁਪੱਯਾ ਬੋੜਿਆ?
ਖਰਾ ਸੌਦਾ ਕਰਨੇ ਸੀ ਤੈਨੂੰ ਟੋਰਿਆ!

-੨੬-