ਇਹ ਸਫ਼ਾ ਪ੍ਰਮਾਣਿਤ ਹੈ

ਕਿਹੜਾ ਪਿੰਡ ਹੈ? ਉਸ ਜ਼ਰਾ ਮੁਸਕ੍ਰਾ ਕੇ ਕਿਹਾ -ਔਹ ਦੇਖਾਂ ਬੈਠਾ ਜੋ ਚੌਧਰੀ, ਔਹ ਤੀਰਕੁ ਦੀ ਵਾਟ ਤੇ। ਇਹ ਕਹਿਕੇ ਹੱਥ ਦੀ ਸੈਨਤ ‘ਪੱਲੇ’ ਵਲ ਕੀਤੀ। ਸਾਹਿਬ ਟੁਰ ਪਏ ਤੇ ਕਹਿਣ ਲਗੇ-ਭਾਈ ਰਾਹਕ! ਸਾਈਂ ਦੇ ਰੰਗ ਵੇਖ, ਓਹੋ ਹੀ ਹੋ ਜਾਈਆ ਚੌਧਰੀ।

ਇਉਂ ਕਹਿੰਦੇ ਰਵਾਲ ਚਾਲ ਉੱਥੇ ਜਾ ਪਹੁੰਚੇ। 'ਪੱਲਾ' ਬੈਠਾ ਸੀ ਗੁਰੂ ਗੁਰੂ ਕਰਦਾ ਮੈਲੇ ਪਾਟੇ ਕੱਪੜੀਂ, ਪਰ ਸਾਬਤ ਦਿਲ ਨਾਲ। ਘੋੜੇ ਦੀ ਟਾਪ ਸੁਣਕੇ ਨੈਣ ਖੁੱਲੇ। ਜਬ੍ਹਾ ਪ੍ਰਤਾਪ ਵਾਲਾ, ਨੂਰੀ ਤੇ ਪਿਆਰਾਂ ਵਾਲਾ ਚਿਹਰਾ ਤੱਕਕੇ ਅੰਦਰਲੇ ਨੇ ਕਿਹਾ-ਏਹੋ ਹੈਨ ਗੁਰੂ ਜੀ। ਏਹੋ ਮਨਾਂ! ਏਹੋ, ਸਵੇਰ ਦੇ ਜੋ ਹਲ ਨਹੀਂ ਪਏ ਵਾਹੁਣ ਦੇਂਦੇ, ਮੈਂ ਬੈਠਾ ਹਾਂ ਬਾਉਲਿਆਂ ਹਾਰ, ਗੁਰੂ ਗੁਰੂ ਕਰਦਾ। ਮਾਂ ਕਹਿੰਦੀ ਸੀ ਅੰਤਰਯਾਮੀ ਹਨ, ਆਪੇ ਵੀ ਆ ਮਿਲਦੇ ਹਨ। ਇਸ ਤਰ੍ਹਾਂ ਪਿਆਰ ਵਿਚ ਧਾਵਾਂ ਉਛਾਲ ਆਇਆ, ਪ੍ਰੇਮ ਦੇ ਵੇਗ ਵਿਚ ਬਿਹਬਲ ਹੋ ਉਠਿਆ ਤੇ ਚਾਦਰ ਘੋੜੇ ਅਗੇ ਸੱਟਕੇ ਰਕਾਬ ਤੇ ਸਿਰ ਧਰ ਦਿਤਾ। ਸਾਹਿਬ ਹੇਠਾਂ ਉਤਰੇ, ਪੱਲੇ ਨੂੰ ਛਾਤੀ ਨਾਲ ਲਾ ਲਿਆ ਤੇ ਕਿਹਾ- ਨਿਹਾਲ ਸਿੱਖਾ! ਨਿਹਾਲ! ਹੁਣ ਪੱਲੇ ਨੂੰ ਮਿਲਾਪ ਦੇ ਪਿਆਰ ਉਛਾਲ ਵਿਚ ਰੋੜੀ ਰੁਪੱਯਾ ਭੁੱਲ ਗਿਆ ਹੈ, ਉਹ ਪਿਆ ਹੈ ਧਰਤੀ ਉੱਤੇ ਤੇ ਉਸਦਾ ਸਿਰ ਪਿਆ ਹੈ ਗੁਰੂ-ਗੋਦੀ ਵਿਚ। ਸਤਿਗੁਰੂ ਬੋਲੇ-ਪੱਲਿਆ! ਕੁਛ ਖੁਆ ਬਈ, ਤਾਂ ਪੱਲੇ ਨੂੰ ਹੋਸ਼ ਆਈ ਭੇਟਾ ਦੀ, ਉੱਠਿਆ ਚਾਦਰ ਚਾਈ, ਖੋਲ੍ਹੀ, ਰੋੜੀ ਰੁਪੱਯਾ ਸਾਹਿਬਾਂ ਦੇ ਪੇਸ਼ ਕੀਤਾ। ਆਪ ਨੇ, ਹਾਂ ਵਿਸ਼੍ਵ ਦੇ ਭਰਨਹਾਰ ਨੇ ਗ਼ਰੀਬ ਦਾ ਕਈ ਚਿਰਾਂ ਦਾ ਪੱਲੇ ਬੱਧਾ ਗੁੜ ਤ੍ਰੋੜਿਆ ਤੇ ਮੂੰਹ ਪਾਇਆ ਤੇ ਆਖਿਆ-ਚੱਲ ਬਈ, ਘਰ ਲੈ ਚੱਲ। ਪੱਲਾ ਹੁਣ ਸਾਹਿਬਾਂ ਨੂੰ ਲੈ ਗਿਆ। ਉਸਦੀ ਮਾਈ ਧਾਕੇ ਚਰਨਾਂ ਤੇ ਢੱਠੀ "ਧੰਨ ਭਾਗ! ਧੰਨ ਭਾਗ!!” ਕਹਿੰਦੀ ਬਿਹਬਲ ਹੋ ਗਏ:-

"ਘਾਲ ਨ ਮਿਲਿਓ ਸੇਵ ਨ ਮਿਲਿਓ ਮਿਲਿਓ ਆਇ ਅਚਿੰਤਾ॥"

ਮਾਈ ਦੇ ਅੰਦਰ ਗੁਰੂ ਘਰ ਦੀ ਦੱਬੀ ਹੋਈ ਸ਼ਰਧਾ ਜ੍ਵਾਲਾ ਦੀ ਤਰ੍ਹਾਂ ਬਾਹਰ ਫੁੱਟ ਆਈ। ਨੈਣਾਂ ਦੇ ਗੰਗਾ ਸਾਗਰ ਨਾਲ ਚਰਨ

-੧੨੪-