ਇਹ ਸਫ਼ਾ ਪ੍ਰਮਾਣਿਤ ਹੈ

ਜੇ ਇਸ ਤਰ੍ਹਾਂ ਪਸ਼ੂਆਂ ਨੂੰ ਖੁੱਲ੍ਹ ਦੇ ਦਿਤੀ ਜਾਏ, ਤਦ ਆਪਣੇ ਪਸ਼ੂ ਕੀ ਖਾਣਗੇ? ਸੰਤਾਂ ਕਿਹਾ-ਭੋਲਿਆ! ਇਹ ਭੋਂ ਅਗੇ ਤੇਰੀ ਕਮਾਈ ਨਾਲ ਮਿਲੀ ਹੈ ਜਾਂ ਮੇਰੀ ਨਾਲ? ਗੁਰੂ ਨੇ ਸਿੱਖਾਂ ਦੇ ਰਿਦੇ ਪ੍ਰੋਰੇ, ਸਿੱਖਾਂ ਨੇ ਆਪਣੇ ਦਸਵੰਧ ਵਿੱਚੋਂ ਰੁਪਏ ਦਿਤੇ, ਤਦੋਂ ਅਸਾਂ ਨੇ ਇਹ ਭੋਂ ਲਈ ਸੀ | ਵਾਗੀ ਬੋਲਿਆ-ਜੀ! ਇਕੁਰ ਤਾਂ ਫੇਰ ਘਾਹ ਦਸਾਂ ਦਿਨਾਂ ਵਿਚ ਮੁੱਕ ਜਾਏਗਾ; ਫੇਰ ਕੀ ਕਰਾਂਗੇ? ਸੰਤ ਬੋਲੇ-ਤਦੇ ਤਾਂ ਤੈਨੂੰ ਟੋਰਦੇ ਹਾਂ ਜੋ ਗੁਰੂ ਪਰ ਤੇਰਾ ਭਰੋਸਾ ਨਹੀਂ। ਗੁਰੂਕੇ ਖਜ਼ਾਨੇ ਅਖੁੱਟ ਹਨ, ਉਹ ਕਦੇ ਆਪਣੇ ਡੰਗਰਾਂ ਨੂੰ ਬੁੜਨ ਨਹੀਂ ਦੇਵੇਗਾ, ਜਿਸ ਖਜ਼ਾਨਿਓਂ ਅਗੇ ਰੁਪਏ ਘੱਲੇ ਸੂ, ਉਸੇ ਖਜ਼ਾਨਿਓਂ ਹੋਰ ਘੱਲੇਗਾ। ਉਹ ਵਿਸ਼੍ਵੰਭਰ ਹੈ, ਉਸ ਨੇ ਸਭ ਨੂੰ ਪਾਲਣਾ ਹੈ, ਗੁਰੂ ਦੇ ਘਰ ਕਿਸੇ ਗਲ ਦੀ ਕਮੀਂ ਹੈ? ਜੇ ਟੋਟਾ ਆ ਜਾਏਗਾ ਤਾਂ ਗੁਰੂ ਹੋਰ ਦਏਗਾ।

ਇਹ ਉੱਚ ਭਾਵ ਸੁਣਕੇ ਵਾਗੀ ਸਿੰਘ ਨੇ ਭੁੱਲ ਮੰਨੀ; ਫਿਰ ਅਰਦਾਸਾ ਸੁਧਵਾਕੇ ਭੁੱਲ ਬਖਸ਼ਵਾਈ।

ਕਿਹਾ ਜਾ ਸਕਦਾ ਹੈ ਕਿ ਇਸ ਤਰ੍ਹਾਂ ਪ੍ਰਬੰਧ ਨਹੀਂ ਨਿਭਦਾ, ਪਰ ਭਾਈ ਸਾਹਿਬ ਜਿਸ ਪਦ ਵਿਚ ਖੇਡਦੇ ਸਨ, ਉਹ ਬਹੁਤ ਉੱਚਾ ਸੀ। ਆਪ ਉਥੇ ਬੋਲਦੇ ਸਨ ਜਿੱਥੇ ਗੁਰੂ ਨਾਲ ਜੁੜਿਆ ਸਿਖ ਬੋਲਦਾ ਹੈ। ਰਜ਼ਾ ਦਾ ਚਾਨਣਾ ਅੰਦਰ ਪੈਂਦਾ ਹੈ ਤੇ ਉੱਚਾ ਪ੍ਰੇਮ ਓਪਰੇਪਨ ਨੂੰ ਤੇ ਪਰਾਏਪਨ ਨੂੰ ਧੋ ਧੋ ਕੇ ਅੰਦਰੋਂ ਕੱਢ ਦੇਂਦਾ ਹੈ। ਲੋੜਵੰਦਾਂ ਤੇ ਦੁਖੀਆਂ ਦੀ ਸੇਵਾ ਕਰਨੀ ਤੇ ਅੰਦਰ ਵਿਤਕਰਾ ਨਾ ਰਖਣਾ ਤੇ ਪਸ਼ੂ ਪੰਛੀ ਜੀਅ ਮਨੁੱਖ ਸਭ ਨਾਲ ਦਇਆ ਪਾਲਣੀ ਇਹ ਉਹਨਾਂ ਦੇ ਸ਼ੁੱਧ ਆਸ਼ੇ ਵਿਚ ਸਿਖ ਦੀ ਦੇਹ ਦੀ ਸਫਲਤਾ ਸੀ:-

ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ॥

ਆਤਮਾ ਦੀ ਸਫਲਤਾ ਉਹ ਨਾਮ ਵਿਚ ਸਮਝਦੇ ਸਨ ਅਰ, ਨਾਮ ਵਲੋਂ ਕਦੇ ਗ਼ਾਫਲ ਨਹੀਂ ਹੁੰਦੇ ਸਨ ਤੇ ਨਾਮੀ ਦੇ ਚਰਨਾਂ ਨਾਲ ਲੱਗੇ ਹੀ ਰਹਿੰਦੇ ਸਨ।

-੧੦੮-