ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/27

ਇਹ ਸਫ਼ਾ ਪ੍ਰਮਾਣਿਤ ਹੈ

24

ਚਾਨਣ ਵਾਲੇ ਅਤੇ ਸਜੇ ਹੋਏ ਤੀਹ ਕਮਰੇ ਹਨ। ਫੁੱਲਾਂ, ਤਸਵੀਰਾਂ ਅਤੇ ਦਰੀਆਂ ਨੇ ਕਮਰਿਆਂ ਦਾ ਵਾਤਾਵਰਣ ਸੁਖਦਾਈ ਬਣਾ ਰਖਿਆ ਹੈ। ਜ਼ਾਤੀ ਕਮਰਿਆਂ ਤੋਂ ਇਲਾਵਾ, ਇਸ ਇਮਾਰਤ ਵਿਚ ਇਕ ਵਡੀ ਬੈਠਕ,ਲਾਇਬ੍ਰੇਰੀ, ਰੀਡਿੰਗ-ਰੂਮ, ਡਾਈਨਿੰਗ-ਹਾਲ ਅਤੇ ਕਈ ਹੋਰ ਟਹਿਲ-ਕਮਰੇ ਹਨ।

ਇਥੇ ਇਕ 64 ਸਾਲ ਦਾ ਬੁਢਾ ਈਵਾਨ ਖਾਵਲਯੀਵ ਰਹਿੰਦਾ ਹੈ। ਕੋਈ ਵਕਤ ਸੀ, ਜਦ ਉਸ "ਕੈਲੀਆ ਬਿੰਸਕ ਲੋਹੇ ਤੇ ਫ਼ੌਲਾਦ ਦਾ ਕਾਰਖ਼ਾਨਾ" ਬਣਾਨ ਵਿਚ ਭਾਗ ਲਿਆ ਸੀ। ਕਾਰਖ਼ਾਨਾ ਉਸਰ ਜਾਣ ਤੋਂ ਬਾਅਦ, ਉਹ ਉਸ ਕਾਰਖ਼ਾਨੇ ਦੀ ਕੋਕ-ਕੈਮੀਕਲ-ਸ਼ਾਪ ਵਿੱਚ ਮੋਟਰ-ਅਪ੍ਰੇਟਰ ਦਾ ਕੰਮ ਕਰਦਾ ਰਿਹਾ ਸੀ। ਇਥੋਂ ਦਾ ਇਕ ਹੋਰ ਵਸਨੀਕ ਗੈਵਰਿਲ ਫ਼ੈਦੋਟੋਫ਼ ਹੈ। ਇਹ ਪਹਿਲਾਂ ਫੈਰੋ-ਅਲਾਏ ਫ਼ੈਕਟਰੀ (ਕਾਰਖ਼ਾਨਾ, ਜਿਥੇ ਲੋਹੇ ਨੂੰ ਹੋਰ ਧਾਤਾਂ ਨਾਲ ਮਿਲਾਇਆ ਜਾਂਦਾ ਹੈ) ਵਿਚ ਕੰਮ ਕਰਦਾ ਸੀ। ਲੋਹੇ ਤੇ ਫ਼ੌਲਾਦ ਦੇ ਕਾਰਖਾਨਿਆਂ ਦੇ ਇਹ ਬਿਰਧ ਕਾਮੇ ਇਥੇ ਸਚੀ ਮੁਚੀ ਦੀ ਘਰੇਲੂ ਜ਼ਿੰਦਗੀ ਬਤੀਤ ਕਰਦੇ ਹਨ। ਇਹਨਾਂ ਦੀਆਂ ਪਤਨੀਆਂ ਵੀ ਇਥੇ ਇਹਨਾਂ ਕੋਲ ਹੀ ਰਹਿੰਦੀਆਂ ਹਨ । ਇਹਨਾਂ 'ਚੋਂ ਹਰ ਕਿਸੇ ਦੇ ਪਿਛੋਕੜ ਲੰਮੀ ਨੌਕਰੀ ਦਾ ਰੀਕਾਰਡ ਹੈ। ਹੁਣ ਰਿਆਸਤ ਵਲੋਂ ਇਹਨਾਂ ਨੂੰ ਹੱਕੀ ਆਰਾਮ ਖ਼ੁਸ਼ੀ ਨਾਲ ਮਾਨਣ ਦੇ ਸਾਧਨ ਦਿਤੇ ਗਏ ਹਨ।

ਨੋਮਿੰਸਕ ਵਿਚ ਪਿਛਲੇ ਸਾਲ ਹੀ ਬਿਰਧ ਟੈਕਸਟਾਈਲ ਕਾਮਿਆਂ ਲਈ ਇਕ 'ਘਰ' ਉਸਾਰਿਆ ਗਿਆ ਹੈ । 300 ਤੋਂ ਉਪਰ ਲੋਕ ਉਥੇ ਰਹਿੰਦੇ ਹਨ। ਇਹਨਾਂ 'ਚੋਂ ਬਹੁਤੇ, ਹਾਲਾਂ ਵੀ, ਆਪਣੀ ਸ੍ਰੀਰਕ ਯੋਗਤਾ ਅਨੁਸਾਰ ਕੰਮ ਕਰਦੇ ਹਨ। ਕਈ ਕਪੜੇ ਸੀਊਂਦੇ ਹਨ ਅਤੇ ਕਈ ਕਰੋਸ਼ੀਏ ਤੇ ਕਸੀਦਾਕਾਰੀ ਦਾ ਕੰਮ ਕਰਦੇ ਹਨ।

ਸ਼ਾਮ ਨੂੰ ਇਹਨਾਂ ਘਰਾਂ ਵਿਚ ਆਮ ਦਿਲਚਸਪੀ ਦੇ ਲੈਕਚਰ ਦਿਵਾਏ ਜਾਂਦੇ ਹਨ, ਰਾਗ-ਰੰਗ ਹੁੰਦਾ ਹੈ, ਫ਼ਿਲਮਾਂ ਵਿਖਾਈਆਂ ਜਾਂਦੀਆਂ ਹਨ ਅਤੇ ਸਾਹਿਤਕ-ਬੈਠਕਾਂ ਹੁੰਦੀਆਂ ਹਨ।

ਵਲਾਦੀਮੀਰ ਪ੍ਰਦੇਸ਼ ਦੇ ਮੋਲੈਨਕੀ ਸ਼ਹਿਰ ਦੇ ਬੋਰਡਿੰਗ-ਹੋਮ ਵਿਚ ਰਹਿ ਰਹੇ ਬਿਰਧ ਉਸਤਾਦਾਂ, ਇੰਜੀਨੀਅਰਾਂ, ਡਾਕਟਰੀ-ਕਾਮਿਆਂ ਦੀ ਜ਼ਿੰਦਗੀ ਬਾਰੇ ਐਲ: ਲਾਮਟੋਫ਼ ਪਿਨਸ਼ਨੀਏ ਦਾ ਕਹਿਣਾ ਹੈ: