ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/15

ਇਹ ਸਫ਼ਾ ਪ੍ਰਮਾਣਿਤ ਹੈ

12

ਕੰਮ ਤੇ ਜਾਣ ਲਈ ਕਰਾਏ ਆਦਿ ਤੇ ਉਸ ਤਰ੍ਹਾਂ ਖਰਚ ਨਹੀਂ ਕਰਨਾ ਪੈਂਦਾ ਜਿਸ ਤਰ੍ਹਾਂ ਕਿ ਕਿਸੇ ਅਦਾਰੇ ਜਾਂ ਸੰਸਥਾ 'ਚ ਨੌਕਰੀ ਤੇ ਲਗੇ ਕਿਸੇ ਕਾਮੇ ਨੂੰ ਕਰਨਾ ਪੈਂਦਾ ਹੈ——ਤਾਂ ਪਤਾ ਲਗਦਾ ਹੈ ਕਿ ਪਿਨਸ਼ਨੀਆਂ ਦੀ ਬੇਓੜਕ ਗਿਣਤੀ ਨੂੰ ਕਾਮਿਆਂ ਤੇ ਦਫ਼ਤਰੀ-ਮੁਲਾਜ਼ਮਾਂ ਦੀ ਤਨਖਾਹ ਜਿੰਨੀ ਹੀ ਪਿਨਸ਼ਨ ਮਿਲ ਜਾਂਦੀ ਹੈ। ਇਸ ਤਰ੍ਹਾਂ ਪਿਨਸ਼ਨਾਂ, ਸਮੁਚੇ ਤੌਰ ਤੇ ਪਿਨਸ਼ਨੀਆਂ ਲਈ ਪਦਾਰਥਕ-ਰਖਿਆ ਦਾ ਇਕ ਉੱਚਾ ਪੱਧਰ ਕਾਇਮ ਕਰਦੀਆਂ ਹਨ।

ਪਿਨਸ਼ਨਰ ਐਮ: ਆਈ: ਪੇਸ਼ਨਕੋਫ਼ਾ, ਜੋ ਪਿਨਸ਼ਨ ਪਾਣ ਤੋਂ ਪਹਿਲਾਂ ਬਾਲਾਸ਼ੇਫ਼ ਟੈਕਸਟਾਈਲ ਮਿਲਜ਼, ਈਵਾਨੋਫ਼ੋ ਵਿਚ ਕਪੜਾ ਬੁਣਨ ਦਾ ਕੰਮ ਕਰਦੀ ਸੀ, 772 ਰੂਬਲ ਮਾਹਵਾਰ ਕਮਾਂਦੀ ਸੀ। ਉਸ ਨੂੰ ਅਪਣੀ ਬੁਢੀ ਮਾਂ ਦਾ ਖਰਚਾ ਵੀ ਸਹਿਣਾਂ ਪੈਂਦਾ ਸੀ, ਕਿਉਂਕਿ ਉਹ ਕੰਮ ਨਹੀਂ ਸੀ ਕਰ ਸਕਦੀ। ਨਵੇਂ ਪਿਨਸ਼ਨ ਕਨੂੰਨ ਅਨੁਸਾਰ ਉਸ ਦੀ ਪਿਨਸ਼ਨ ਉਸ ਦੀ ਆਮਦਨ ਦਾ 65 ਫੀ ਸਦੀ (501 ਰੂਬਲ 80 ਕੋਪੈਕਸ) ਬਣਦੀ ਸੀ। ਪਰ ਪੇਸ਼ਨਕੋਫ਼ਾ ਨੇ ਤੀਹ ਸਾਲ ਕੰਮ ਕੀਤਾ ਸੀ, ਜਿਸ ਦਾ ਸਦਕਾ ਉਹ 10 ਫੀ ਸਦੀ ਹੋਰ ਦੀ ਵੀ ਹਕਦਾਰ ਸੀ। ਇਤਨੀ ਹੀ ਹੋਰ ਰਕਮ, ਉਸ ਦੀ ਬੁਢੀ ਮਾਂ ਕਾਰਨ, ਉਸ ਦੀ ਪਿਨਸ਼ਨ 'ਚ ਜਮ੍ਹਾਂ ਕਰ ਦਿਤੀ ਗਈ। ਇਸ ਤਰ੍ਹਾਂ ਉਸ ਦੀ ਕੁਲ ਪਿਨਸ਼ਨ 602 ਰੂਬਲ 16 ਕੋਪੈਕਸ ਬਣ ਗਈ।

ਪਿਨਸ਼ਨਰ ਐਮ: ਪੇਸ਼ਨਕੋਫ਼ਾ ਨੇ ਹਿਸਾਬ ਲਾਇਆ ਕਿ ਇਸ ਪਿਨਸ਼ਨ ਨਾਲ ਉਸ ਦੇ ਟਬਰ ਦੇ ਸਾਰੇ ਖਰਚ, ਘਰ ਦੀਆਂ ਸਭੇ ਲੋੜਾਂ ਨੂੰ ਮੁਖ ਰਖ ਕੇ, ਪੂਰੇ ਹੋ ਜਾਂਦੇ ਹਨ। ਉਸ ਦੇ ਘਰ ਦੇ ਮਾਹਵਾਰੀ ਖਰਚੇ ਇਸ ਪ੍ਰਕਾਰ ਹਨ——ਕਰਾਇਆ-23 ਰੂਬਲ, ਬਿਜਲੀ——5-6 ਰੂਬਲ, ਰੇਡੀਓ——5 ਰੂਬਲ, ਪਾਣੀ ਤੇ ਨਿਕਾਸ——3-4 ਰੂਬਲ। ਕੁਲ ਜੋੜ——37-38 ਰੂਬਲ, ਪਿਨਸ਼ਨ ਦਾ ਲਗ ਭਗ 6 ਫ਼ੀ ਸਦੀ।

ਖਾਣ ਪੀਣ ਦੀਆਂ ਚੀਜ਼ਾਂ——ਡਬਲ ਰੋਟੀ, ਗੋਸ਼ਤ, ਮਖਣ, ਸਬਜ਼ੀਆਂ,ਖੰਡ, ਚਾਹ ਇਤਿਆਦ——ਦਾ ਮਾਹਵਾਰੀ ਹਿਸਾਬ 400 ਰੂਬਲ ਬਣਦਾ ਸੀ, ਜਦ ਪੇਸ਼ਨਕੋਫ਼ਾ ਦੀ ਤਨਖਾਹ 772 ਰੂਬਲ ਮਾਹਵਾਰ ਸੀ। ਹੁਣ ਉਸ ਦੀ ਪਿਨਸ਼ਨ 602 ਰੂਬਲ 16 ਕੋਪੈਕਸ ਸੀ, ਪਰ ਉਹ ਖੁਰਾਕ ਦੇ ਖਰਚੇ ਘਟਾਉਣਾ ਨਹੀਂ ਸੀ ਚਾਹੁੰਦੀ। ਇਹ ਖਰਚੇ ਉਸ ਦੀ ਪਿਨਸ਼ਨ ਦਾ 66.3 ਫ਼ੀ ਸਦੀ ਬਣ ਜਾਂਦੇ ਸਨ। ਪਰ ਇਹ ਸਾਰੇ ਖਰਚੇ ਪੂਰੇ ਕਰ ਕੇ ਵੀ ਉਸ ਪਾਸ 164 ਰੂਬਲ 16 ਕੋਪੈਕਸ ਬਾਕੀ ਦੀਆਂ ਲੋੜਾਂ ਵਾਸਤੇ ਬਚ ਰਹਿੰਦੇ ਸਨ।