ਪੰਨਾ:ਸੋਨੇ ਦੀ ਚੁੰਝ.pdf/19

ਇਹ ਸਫ਼ਾ ਪ੍ਰਮਾਣਿਤ ਹੈ

ਕੀਤਾ ਮੁੜ ਆਇਆ ਕਰੇ। ਅਖੀਰ ਤਿੰਨ ਮਹੀਨੇ ਪਿਛੋਂ ਤੀਹ ਰੁਪਏ ਰੋਟੀ ਕਪੜੇ ਤੇ ਵਿਸਾਖੀ ਰਾਮ ਦੇ ਖੂਹ ਤੇ ਨੌਕਰ ਰਹਿ ਪਿਆ ਦਿਲ ਭੀ ਲਗ ਗਿਆ।

ਹਰਬੰਸੋ ਦੀ ਸੂਰਤ ਅੱਖਾਂ ਅਗੋਂ ਪਲ ਭਰ ਦੂਰ ਨਾ ਹੋਵੇ। ਬਥੇਰਾ ਕਹੇ ਕਿ ‘ਦੁਨੀਆਂ ਦੀ ਖੇਡ ਹੀ ਅਜੇਹੀ ਹੈ। ਮਰ ਗਿਆਂ ਨੂੰ ਯਾਦ ਕਰ ਝੁਰਨਾ ਮੂਰਖਪੁਣਾ ਹੈ। ਪਰ ਜਦ ਰਾਤ ਪਈ ਕੋਠੜੀ ਦਾ ਬੂਹਾ ਖੋਲਦਾ, ਕੋਠੜੀ ਮੌਤ ਦੇ ਮੂੰਹ ਟਡਿਆ ਦਿਸਦੀ।

ਦਵਾਲੀ ਮੰਨਾ ਚੰਗਾ ਭਲਾ ਸੁਤਾ ਪਰ ਸਵੇਰੇ ਉਠਿਆ ਹੀ ਨਾ ਜਾਏ। ਦਸ ਕੁ ਵਜੇ ਉਠ ਕੇ ਡਾਕਟਰ ਸੁੰਦਰ ਲਾਲ ਦੇ ਹਸਪਤਾਲ ਅਪੜਿਆ। ਉਥੇ ਪਹੁੰਚਦੇ ਨੂੰ ਲੋਹੜੇ ਦਾ ਬੁਖਾਰ ਹੋ ਗਿਆ। ਮੰਜੀ ਲੈ ਹਸਪਤਾਲ ਵਿਚ ਹੀ ਪੈ ਗਿਆ।

ਡਾਕਟਰ ਬਥੇਰੀ ਵਾਹ ਲਾਏ, ਬੁਖਾਰ ੧੦੪ ਤੋਂ ਥਲੇ ਹੀ ਨਾ ਹੋਵੇ। ਦਿਲ ’ਚ ਪਤਾ ਨਹੀਂ ਕੀ ਆਈ, ਪੰਜਵੇਂ ਦਿਨ ਗੁਰਦਿਤ ਸਿੰਘ ਨੂੰ ਚਿਠੀ ਲਿਖੀ “ਭਰਾਵਾ, ਡਾਕਟਰ ਸੁੰਦਰ ਲਾਲ ਦੇ ਹਸਪਤਾਲ ਵਿੱਚ ਸਖਤ ਬੀਮਾਰ ਪਿਆ ਹਾਂ। ਬਚਦਾ ਹੁਣ ਮੈਂ ਭੀ ਨਹੀਂ। ਕਿਉਂਕਿ ਵੇਲੇ ਕੁਵੇਲੇ ਠੰਡਾ ਤਤਾ ਨਹੀਂ ਮਿਲਦਾ। ਤੇਰੇ ਨਾਲ ਦੋ ਗਲਾਂ ਕਰਨ ਦੀ ਭੁਖ ਹੈ, ਖਤ ਪੜਦੇ ਸਾਰ ਆ ਜਾ।

ਦਸਵੇਂ ਦਿਨ ਗੁਰਦਿਤ ਸਿੰਘ ਦੀ ਚਿਠੀ ਆਈ ਉਸ 'ਚ ਲਿਖਿਆ ਸੀ।

ਤਕੜਾ ਹੋ, ਮੇਰਾ ਸਭ ਕੁਝ ਤੇਰਾ ਹੈ।
ਤੂੰ ਹੀ ਰਹਿ ਗਿਆ, ਇਕੋ ਵੀਰਾ ਮੇਰਾ ਹੈ
ਭੁਲ ਚੁਕ ਮੁਆਫ ਕਰਾਨਾ ਆਂ।
ਆਂਨਾ ਆਂ
ਸੋਨੇ ਦੀ ਚੁੰਜ ਘੜਾਨਾ ਆਂ
ਤੇਰੇ ਲਈ ਸੂਟ ਨਵੇਂ ਸਵਾਨਾ ਆਂ
ਦਸ ਦਿਨ ਠੈਹਰ ਕੇ ਆਨਾ ਆਂ

- ੧੯ -