ਪੰਨਾ:ਸੂਫ਼ੀ-ਖ਼ਾਨਾ.pdf/22

ਇਹ ਸਫ਼ਾ ਪ੍ਰਮਾਣਿਤ ਹੈ

ਜੰਗਲ ਦਾ ਫੁੱਲ


ਖੁਦੀ ਨਸ਼ੇ ਵਿਚ ਮਸਤ ਮੁਸਾਫ਼ਿਰ! ਐਧਰ ਨਿਗਹ ਉਠਾਈ ਜਾ,
ਜੰਗਲ ਦੇ ਇਕ ਫੁੱਲ ਨਿਮਾਣੇ, ਵਲ ਭੀ ਝਾਤੀ ਪਾਈ ਜਾ।

ਝਾਕ ਰਿਹਾ ਹਾਂ ਕੱਲਮਕੱਲਾ, ਦੇਂਦਾ ਕੋਈ ਦਿਲਾਸਾ ਨਹੀਂ,
ਸੀਨੇ ਵਿਚ ਅਰਮਾਨ ਰੜਕਦੇ, ਕੋਈ ਪਰਤਦਾ ਪਾਸਾ ਨਹੀਂ।

ਛੁੱਟੜ ਤੀਵੀਂ ਵਾਂਗਰ, ਮੇਰੇ ਜੀ ਦੀਆਂ ਜੀ ਵਿਚ ਪਈਆਂ ਨੇਂ,
ਸਧਰਾਂ ਦੇ ਦਰਯਾ ਦੀਆਂ ਲਹਿਰਾਂ, ਉਭਰ ਉਭਰ ਲਹਿ ਗਈਆਂ ਨੇਂ।

ਰੀਝ ਨਹੀਂ ਹੁਣ ਮਹਿਬੂਬਾਂ ਦੀ, ਲਿਟ ਵਿਚ ਟਾਂਕੇ ਜਾਉਣ ਦੀ,
ਨਾ ਆਸ਼ਿਕ ਦਾ ਢੋਆ ਬਣ ਕੇ, ਦਿਲਬਰ ਨੂੰ ਪਰਚਾਉਣ ਦੀ।

ਚਾਹ ਨਹੀਂ, ਮੈਖ਼ਾਨੇ ਅੰਦਰ, ਸਾਕੀ ਦਾ ਸ਼ਿੰਗਾਰ ਬਣਾਂ,
ਸੱਜ ਵਿਆਹੀ ਜਾਂਦੀ ਜੋੜੀ, ਦੇ ਸੀਨੇ ਦਾ ਹਾਰ ਬਣਾਂ।

ਨਾ ਹੈ ਰੀਝ ਬਜ਼ੁਰਗ ਕਿਸੇ ਦੀ, ਧੌਣ ਦੁਆਲੇ ਪਾਇਆ ਜਾਂ,
ਨਾ ਹੈ ਚਾਉ ਕਿਸੇ ਮੰਦਰ ਵਿਚ, ਸ਼ਰਧਾ ਨਾਲ ਚੜ੍ਹਾਇਆ ਜਾਂ।

ਸੱਧਰ ਹੈ ਹੁਣ ਇੱਕੋ ਬਾਕੀ, ਜੇ ਤੂੰ ਤੋੜ ਚੜ੍ਹਾ ਦੇਵੇਂ,
ਪੈਰਾਂ ਦੇ ਵਿਚ ਰੁਲਣ ਲਈ, ਉਸ ਰਾਹ ਦੇ ਵਿੱਚ ਵਿਛਾ ਦੇਵੇਂ।

ਲੋਕ-ਪਿਆਰੇ ਯੁਵਕ ਜਿਥੋਂ ਦੀ, ਲੰਘਣ ਜਾਨ ਘੁਮਾਣ ਲਈ,
ਸਿਰ ਤਲੀਆਂ ਤੇ ਧਰੀ ਖਲੋਤੇ, ਡਿਗਿਆਂ ਤਾਈਂ ਉਠਾਣ ਲਈ।


-੧੬-