ਪੰਨਾ:ਸੂਫ਼ੀ-ਖ਼ਾਨਾ.pdf/114

ਇਹ ਸਫ਼ਾ ਪ੍ਰਮਾਣਿਤ ਹੈ

ਤ੍ਰੈ ਮਾਂਵਾਂ


੧.ਪਹਿਲੀ ਮਾਤਾ ਲਛਮੀ ਦੇਵੀ,
ਜਿਸ ਨੇ ਜਣ ਕੇ ਅਕਲ ਸਿਖਾਈ,
ਪੜ੍ਹ ਗੁੜ੍ਹ ਜੋਬਨ ਮਾਣ ਜਵਾਨੀ,
ਉਮਰਾ ਛੱਤੀ ਸਾਲ ਹੰਡਾਈ।
ਓਸੇ ਦੀਆਂ ਅਸੀਸਾਂ ਲੈ ਲੈ,
ਭਲਿਆਂ ਲੋਕਾਂ ਦੀ ਛੁਹ ਪਾਈ,
ਸੁਰਗੀ ਵਾਸਾ ਹੋਵੇ ਸ਼ਾਲਾ,[1]
ਮਾਨੁਖਤਾ ਜਿਸ ਪਾਸੋਂ ਆਈ।

੨.ਦੂਜੀ ਅੱਮਾਂ ਭਾਰਤ ਮਾਤਾ,
ਜਿਸ ਦੀ ਮਿੱਟੀ ਮੈਨੂੰ ਜਣਿਆ,
ਉਸ ਦੀ ਭਗਤੀ ਕਰਦਾ ਕਰਦਾ,
ਮੈਂ ਪੰਜਾਬੀ ਸ਼ਾਇਰ ਬਣਿਆ।
ਏਕੇ ਤੇ ਇਤਫ਼ਾਕ ਕਰਾਂਦਿਆਂ,
ਸਾਰੀ ਉਮਰ ਬੀਤ ਗਈ ਮੇਰੀ,
ਓੜਕ ਦੁਧ ਵਿਚ ਕਾਂਜੀ ਪੈ ਗਿਆ,
ਪਾਕਿਸਤਾਨੀ ਫ਼ਿਤਨਾ ਛਣਿਆ।


-੧੦੮-

  1. *ਦੇਹਾਂਤ ਸਾਲ ੧੯੧੨ ਈ: