ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 87

ਮਾਰਦੇ ਹਨ, ਜ਼ਖਮ ਤ੍ਰਾਟਾਂ ਖਾਂਦੇ ਹਨ; ਫੇਰ ਅਜੇ ਅਪਦਾ ਸਿਰ ਤੇ ਹੈ, ਪਰ ਵਾਹ ਅੰਮ੍ਰਿਤਧਾਰੀ ਸਿੰਘ। ਹਾਇ ਦੀ ਆਵਾਜ਼ ਨਹੀਂ ਨਿਕਲਦੀ, ਬਾਣੀਆਂ ਦੇ ਪਾਠ ਤੇ ਵਾਹਿਗੁਰੂ ਸ਼ਬਦ ਦਾ ਉਚਾਰਨ ਹੋ ਰਿਹਾ ਹੈ। ਇਸ ਵੇਲੇ ਸੁੰਦਰੀ, ਧਰਮ ਕੌਰ, ਮਾਈ ਸੱਦਾਂ, ਬੀਰਾਂ, ਧੰਮੋਂ ਆਦਿਕ ਸਾਰੀਆਂ ਸਿੰਘਣੀਆਂ ਫੱਟੇ ਹੋਏ ਭਰਾਵਾਂ ਦੇ ਘਾਵਾਂ ਪੁਰ ਤੇਲ ਤੇ ਮਲ੍ਹਮ ਦੇ ਫਹੇ ਰੱਖ ਰੱਖ ਕੇ ਪੱਟੀਆਂ ਬੰਨ੍ਹ ਰਹੀਆਂ ਹਨ। ਹਰੇਕ ਸਿੰਘ ਇਕ ਦੂਜੇ ਦੀ ਲੋੜ ਪੂਰੀ ਕਰਨ ਦੇ ਯਤਨ ਵਿਚ ਹੈ। ਇਥੇ ਇਕ ਪਿੰਡ ਨਜ਼ਰੀ ਪੈ ਗਿਆ, ਇਸ ਪਰ ਹੱਲਾ ਕਰਕੇ ਖਾਲਸੇ ਨੇ ਕੁਛ ਖਾਧਾ ਪੀਤਾ ਤੇ ਕੁਛ ਆਰਾਮ ਕੀਤਾ ਸੀ ਕਿ ਸਰਦਾਰ ਸ਼ਾਮ ਸਿੰਘ ਤੇ ਜੱਸਾ ਸਿੰਘ ਨੇ, ਜੋ ਅਜੇ ਘੋੜਿਆਂ ਪਰ ਹੀ ਸਨ, ਪੰਥ ਨੂੰ ਸਲਾਹ ਦਿੱਤੀ ਕਿ ਸਾਰੇ ਜ਼ਖਮ ਆਕੜ ਜਾਣਗੇ, ਭੁੱਖ ਦਾ ਦਬਾਉ ਨਿਰਬਲ ਕਰ ਦੇਊ ਤੇ ਸਵੇਰੇ ਵੈਰੀ ਸਾਨੂੰ ਹੱਥੋਂ-ਹੱਥ ਮੁਕਾ ਦੇਊ ਲੱਕ ਬੰਨ੍ਹੇ ਤਾਂ ਐਸ ਵੇਲੇ ਤੱਤੇ ਘਾਉ ਨਿਕਲ ਚੱਲੀਏ।

ਇਹ ਸਲਾਹ ਪਕਾ, ਖਾਲਸੇ ਨੇ ਅੱਧੀ ਰਾਤ ਵੇਲੇ ਫੇਰ ਚੜ੍ਹਾਈ ਕੀਤੀ। ਤੁਰਕਾਂ ਦੀ ਸੈਨਾ ਕੁਛ ਸੂੰਹ ਪਾ ਕੇ ਮਗਰ ਆਈ, ਪਰ ਜੋ ਝੱਲ ਵਿਚ ਵੜਿਆ ਸਿੰਘਾਂ ਮਾਰ ਲਿਆ ਤੇ ਜੋ ਝਲੋਂ ਬਾਹਰ ਨਿਕਲਿਆ ਉਹਨਾਂ ਮਾਰ ਲਿਆ। ਹੁਣ ਖਾਲਸੇ ਨੇ ਮਤਾ ਪਕਾਇਆ ਕਿ ਹੇਠਾਂ ਨੂੰ ਨੱਠਦੇ ਚੱਲੋ, ਪਰ ਵੈਰੀ ਨਾਲ ਡਟ ਡਟ ਕੇ ਲੜਦੇ ਪੈਰ ਪਿੱਛੇ ਪਾਈ ਚੱਲੋ। ਇਸ ਤਰ੍ਹਾਂ ਖਾਲਸਾ ਦਲ ਝੱਲਾਂ ਦੀ ਆੜ ਵਿਚ ਹੇਠਾਂ ਨੂੰ ਵੱਧਦਾ ਦਿਨ ਹੋਣ ਤੋਂ ਅੱਗੇ ਅੱਗੇ ਇਕ ਸੰਘਣੇ ਝੱਲ ਵਿਖੇ ਧਸ ਗਿਆ ਤੇ ਜਾ ਬਿਸਰਾਮ ਕੀਤਾ।

ਪਰ ਮਗਰੇ-ਮਗਰ ਲਖਪਤ ਇਥੇ ਬੀ ਆ ਪਹੁੰਚਾ, ਪਹਿਲਾਂ ਤਾਂ ਝੱਲ ਦੇ ਬਾਹਰ ਡੇਰਾ ਕਰ ਦਿੱਤਾ, ਪਰ ਫੇਰ ਇਕ ਡੌਲ ਸੋਚੀ, ਵਗਾਰੀ ਲੋਕ ਫੜ ਕੇ ਅਤੇ ਦੇਸ ਦੀ ਰਯਤ ਲਾਲਚ ਦੇ ਕੇ ਕੱਠੀ ਕੀਤੀ ਤੇ ਬੰਦੂਕਾਂ ਤੇ ਸੇਲੇ ਦੇ ਕੇ ਝੱਲ ਵਿਚ ਵਾੜ ਦਿੱਤੇ ਕਿ ਤੁਸੀਂ ਸਿੰਘਾਂ ਨੂੰ ਲੁੱਟ-ਕੁੱਟ ਲਉ ਤੇ ਮਾਰ ਦਿਓ। ਓਹ ਬੇਲੇ ਵਿਚ ਆ ਵੜੇ ਤੇ ਲੱਗੇ ਤੰਗ ਕਰਨ। ਹੁਣ ਸੁੱਖਾ ਸਿੰਘ ਨੇ ਕਿਹਾ, ਕਿ ਭਾਈ ਹੈ ਤਾਂ ਇਹ ਮੁਲਖੱਯਾ, ਪਰ ਸਸਤ੍ਰ ਲੈਕੇ ਆ ਪਿਆ ਹੈ, ਹੁਣ ਅੱਗੋਂ ਚੁਪ ਕੀਤੀ ਤਾਂ ਮਾਰੇ ਜਾਵਾਂਗੇ, ਇਨ੍ਹਾਂ ਨਾਲ ਜੁੱਧ ਰਚਾਓ। ਸੋ, ਇਕ ਤੁਲਵਾਂ ਹੱਲਾ ਜਦ ਬੋਲਿਆ ਤਾਂ ਸਭ ਉਠ