ਇਹ ਸਫ਼ਾ ਪ੍ਰਮਾਣਿਤ ਹੈ
26/ ਸੁੰਦਰੀ

ਧੰਨ ਤੇਰਾ ਜਨਮ ਹੈ, ਜਿਸ ਨੂੰ ਧਰਮ ਨਾਲ ਇੱਡਾ ਪਿਆਰ ਹੈ। ਬੀਬੀ ਭੈਣ! ਤੇਰੀ ਭਾਉਣੀ ਕਰਤਾਰ ਪੂਰੀ ਕਰੇ, ਮੇਰੇ ਵਲੋਂ ਤੈਨੂੰ ਖੁਲ੍ਹੀ ਛੁੱਟੀ ਹੈ, ਤੂੰ ਜਿੱਕੁਰ ਚਾਹੇਂ ਪੰਥ ਦੀ ਸੇਵਾ ਕਰ, ਆਪਣਾ ਜਨਮ ਸਫਲ ਕਰ ਲੈ, ਮਰਦ ਬਣ ਜਾਏਂ ਤਾਂ ਨਿਭ ਸਕੇਂਗੀ।

ਬਲਵੰਤ ਸਿੰਘ- ਭੈਣਾ! ਸ਼ਾਬਾਸ਼ ਤੇਰੇ ਪੁਰ ਗੁਰੂ ਦੀਆਂ ਖੁਸ਼ੀਆਂ, ਸੱਚਮੁਚ ਤੂੰ ਗੁਰੂ ਜੀ ਦੀ ਪੁਤ੍ਰੀ ਹੈਂ, ਤੇਰਾ ਹੌਸਲਾ ਸ਼ੇਰਾਂ ਵਰਗਾ ਹੈ, ਕਰਤਾਰ ਤੇਰੀ ਸਹਾਇਤਾ ਕਰੇ; ਮਾਈ ਭਾਗੋ ਦਾ ਹੱਥ ਤੇਰੇ ਸਿਰ ਤੇ ਹੋਵੇ।

ਸੁਰੱਸਤੀ- ਵੀਰ ਜੀ! ਇਹ ਦੇਹੀ ਬਿਨਸਨਹਾਰ ਹੈ, ਅੰਤ ਬਿਨਸਣੀ ਹੈ, ਫੇਰ ਜੇ ਪੰਥ ਦੀ ਸੇਵਾ ਵਿਚ ਬਿਨਸੇ ਤਦ ਇਸ ਤੋਂ ਵਧਕੇ ਕੀ ਲਾਹਾ ਹੈ? ਕਿਵੇਂ ਸਾਡੇ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੇ ਜਾਨਾਂ ਵਾਰੀਆਂ ਤੇ ਕਿਵੇਂ ਹੱਸ ਕੇ ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਾਏ। ਜਦ ਵੀਰ ਜੀ! ਇਹੋ ਜਿਹੇ ਮਹਾਤਮਾਂ ਕੁਰਬਾਨ ਹੋ ਰਹੇ ਹਨ ਤਾਂ ਅਸੀਂ ਆਪਣੀ ਜਾਨ ਨੂੰ ਕਿਸ ਦਿਨ ਲਈ ਸਾਂਭ ਸਾਂਭ ਰੱਖੀਏ? ਮਾਂ ਪਿਉ ਸਾਕਾਂ ਅੰਗਾਂ ਨੂੰ ਪ੍ਰਤੱਖ ਦੇਖ ਆਈ ਹਾਂ ਕਿ ਉਨ੍ਹਾ ਦੇ ਮੋਹ ਕੂੜੇ ਹਨ। ਤੁਸਾਂ ਜੋ ਬਲਦੀ ਚਿਖ਼ਾਂ ਤੋਂ ਮੈਨੂੰ ਬਚਾ ਆਂਦਾ ਤੇ ਆਪਣੀ ਜਾਨ ਕੁਸ਼ਟਾਂ ਵਿਚ ਪਾਈ ਤਾਂ ਤੁਸਾਂ ਸਾਧਾਰਨ ਭਰਾਵਾਂ ਵਾਂਙੂ ਨਹੀਂ ਕੀਤਾ, ਤੁਹਾਡੇ ਹਿਰਦੇ ਵਿਚ ਧਰਮ ਸੀ, ਤੁਹਾਡੇ ਮਨ ਵਿਚ ਗੁਰਾਂ ਦੀ ਪੀਤੀ ਸੀ; ਤੁਹਾਡੇ ਅੰਦਰ ਅਣਖ (ਗ਼ੈਰਤ) ਸੀ, ਇਸ ਕਰਕੇ ਤੁਸੀਂ ਮੇਰੇ ਤੇ ਐਡੀ ਦਇਆ ਕੀਤੀ। ਹੁਣ ਜਦ ਮੈਂ ਸੋਚਦੀ ਹਾਂ ਕਿ ਧਰਮ ਅਜਿਹੀ ਪਵਿੱਤ੍ਰ ਵਸਤੂ ਹੈ ਕਿ ਇਸ ਨਾਲ ਜੋ ਕੰਮ ਹੁੰਦਾ ਹੈ, ਸੋ ਦ੍ਰਿੜ੍ਹ ਤੇ ਸੱਚਾ ਅਰ ਅਟੱਲ ਹੁੰਦਾ ਹੈ ਤਾਂ ਮੈਂ ਇਸ ਤੋਂ ਕਿਉਂ ਮੂੰਹ ਮੋੜਾਂ? ਤੁਹਾਡੇ ਮਨ ਵਿਚ ਇਹ ਸੰਸਾ ਹੋਊ ਕਿ ਤੀਵੀਂ ਜਿਕੁਰ ਸਰੀਰ ਕਰਕੇ ਨਿਰਬਲ ਹੁੰਦੀ ਹੈ, ਉੱਕਰ ਹੀ ਮਨ ਕਰ ਕੇ ਭੀ ਨਿਰਬਲ ਹੈ, ਪਰ ਇਸ ਸੰਸੇ ਨੂੰ ਭੀ ਨਵਿਰਤ ਕਰੋ। ਇਸਤ੍ਰੀ ਦਾ ਮਨ ਮੋਮ ਵਰਗਾ ਨਰਮ ਤੇ ਪੱਥਰ ਵਰਗਾ ਕਰੜਾ ਹੁੰਦਾ ਹੈ ਅਤੇ ਧਰਮ ਦੀ ਪਾਣ ਜਦ ਇਸਤ੍ਰੀ ਦੇ ਮਨ ਪੂਰ ਚੜ੍ਹਦੀ ਹੈ ਤਦ ਉਹ ਐਸੀ ਦ੍ਰਿੜ੍ਹ ਹੁੰਦੀ ਹੈ ਕਿ ਉਸਨੂੰ ਕੋਈ ਹਿਲਾ ਨਹੀਂ ਸਕਦਾ ਮੈਂ ਇਹ ਗੱਲ ਸ਼ੇਖੀ ਮਾਰ ਕੇ ਨਹੀਂ ਆਖਦੀ ਪਰ ਨਿਰਾ ਸਤਿਗੁਰਾਂ ਦੀ ਕ੍ਰਿਪਾ ਪਰ ਭਰੋਸਾ ਰੱਖ ਕੇ ਆਖਦੀ ਹਾਂ।

Page 32

www.sikhbookclub.com