ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/8

ਇਹ ਸਫ਼ਾ ਪ੍ਰਮਾਣਿਤ ਹੈ

ਸਿਰ ਚੜ੍ਹ ਕੇ ਅੱਜ ਬੋਲੇਗੀ ਜੀ, ਜੋ ਜੋ ਪਾਈ ਵੋਟ ਮੁਬਾਰਕ।
ਲੋਕ ਉਡੀਕਣ ਵਿਚੋਂ ਨਿਕਲੂ, ਆਸਾਂ ਵਾਲਾ ਬੋਟ ਮੁਬਾਰਕ।

ਜਿੰਨ੍ਹਾਂ ਵੇਚੀ ਅਣਖ਼ ਤੇ ਗੈਰਤ, ਬੁੱਕਲ ਦੇ ਵਿੱਚ ਮੂੰਹ ਦੇਵਣਗੇ,
ਆਪੋ ਆਪਣੇ ਮੂੰਹ ਦੀ ਕਾਲਖ਼, ਹੋਵੇ ਦਿਲ ਦੀ ਖੋਟ ਮੁਬਾਰਕ।

ਲੋਕ ਸ਼ਕਤੀਆਂ ਦਸਤਕ ਦੇਵਣ, ਲੋਕ ਉਡੀਕ ਰਹੇ ਨੇ ਸੂਰਜ,
ਭੋਲੇ ਪੰਛੀ ਕਹਿੰਦੇ ਥੱਕ ਗਏ, ਸਤਿਗੁਰ ਤੇਰੀ ਓਟ ਮੁਬਾਰਕ।

ਦਾਣਾ ਦੁਣਕਾ ਕਿਣਕਾ ਕਿਣਕਾ, ਕਰਨ ਇਕੱਠਾ ਚਿੜੀਆਂ ਵੇਖੋ,
ਤੋਰੀ ਫਿਰਦੀ ਦੇਸ਼ ਦੇਸ਼ੰਤਰ, ਸਭ ਨੂੰ ਸੱਖਣੀ ਪੋਟ ਮੁਬਾਰਕ।

ਹੁਣ ਵੀ ਫਿਰਨ ਬਾਘੀਆਂ ਪਾਉਂਦੇ, ਧਰਮ ਕਰਮ ਦੇ ਪਰਦੇ ਲਾਹੀ,
ਹੋਰ ਕਹਾਂ ਕੀ ਬੇਅਕਲਾਂ ਨੂੰ, ਸ਼ਰਮ ਹਯਾ ਦੀ ਤੋਟ ਮੁਬਾਰਕ।

ਸੂਰਜ ਦੀ ਲਾਲੀ ਦਾ ਚਾਨਣ, ਹਰ ਥਾਂ ਰਹਿਮਤ ਬਣਕੇ ਚਮਕੇ,
ਜਗਣ ਚਿਰਾਗ ਉਮੀਦਾਂ ਵਾਲੇ, ਲਿਸ਼ਕਣ ਚਿਹਰੇ ਕੋਟ* ਮੁਬਾਰਕ।

ਇਹ ਤਾਂ ਸਿਰਫ਼ ਲੜਾਈ ਨਿੱਕੀ, ਜਿੱਤਣ ਹਾਰਨ ਹੈ ਬੇਅਰਥਾ,
ਲੰਮੇ ਯੁੱਧਾਂ ਖਾਤਰ ਕਿਉਂ ਨਾ, ਲੱਗੇ ਦਿਲ ਤੇ ਚੋਟ ਮੁਬਾਰਕ।


  • ਕਰੋੜਾਂ

8