ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/73

ਇਹ ਸਫ਼ਾ ਪ੍ਰਮਾਣਿਤ ਹੈ

ਰਾਤ ਹਨ੍ਹੇਰੀ ਹੋਕਾ ਦੇਵੇਂ, ਆਖੇ ਬਾਰ ਮ ਬਾਰ ਓ ਯਾਰ।
ਚੰਨ ਸਿਤਾਰੇ ਸੂਰਜ ਮੇਰੀਆਂ ਦੋ ਬਾਹਾਂ ਵਿਚਕਾਰ ਓ ਚਾਰ।

ਤੇਰੇ ਹੱਥ ਵਿੱਚ ਸੂਹਾ ਪਰਚਮ, ਘੁੱਟ ਕੇ ਨਾ ਰੱਖ, ਲਹਿਰਨ ਦੇ,
ਰੰਗ ਰੱਤੜੇ ਨੂੰ ਬੋਲਣ ਦੇ ਤੂੰ ਇਸ ਮੌਤੇ ਨਾ ਮਾਰ ਓ ਯਾਰ।

ਇਹ ਬੁੱਕਲ ਬ੍ਰਹਿਮੰਡ ਜਿੱਡੀ ਏ, ਲੋਕ ਮੁਕਤੀਆਂ ਦਾ ਜੋ ਖ੍ਵਾਬ,
ਇਸਨੂੰ ਘੁੱਟ ਕੇ ਸੀਮਤ ਨਾ ਕਰ ਹੋਰ ਜ਼ਰਾ ਵਿਸਥਾਰ ਓ ਯਾਰ।

ਮੈਂ ਵੀ ਤੇਰੇ ਨਾਲ ਬਰਾਬਰ, ਧਿਰ ਬਣ ਬਾਲ ਮਸ਼ਾਲ ਖੜ੍ਹਾਂ,
ਬੋਲ ਜ਼ਰਾ ਤੂੰ ਕਿਹੜੀ ਗੱਲ ਦਾ, ਰੂਹ ਤੇ ਰੱਖਦੈਂ ਭਾਰ ਓ ਯਾਰ।

ਇਹ ਜਿਹੜੀ ਅਸਮਾਨ 'ਚ ਲਿਸ਼ਕੇ ਲੀਕ ਜਿਹੀ ਕਿਰਪਾਨ ਦੇ ਵਾਂਗ,
ਸ਼ਿਅਰਾਂ ਮੇਰਿਆਂ ਰੂਪ ਬਦਲਿਆ, ਬਣ ਬਿਜਲੀ ਦੀ ਤਾਰ ਓ ਯਾਰ।

ਜਾਦੂਗਰਨੀ ਕੁਰਸੀ ਨੇ ਸਭ ਰੀਂਘਣਹਾਰ ਬਣਾ ਸੁੱਟੇ,
ਉੱਡਣੇ ਪੁਣੇ ਸੁਪਨੇ ਹੋ ਗਏ, ਕਿਉਂ ਏਨੇ ਲਾਚਾਰ ਓ ਯਾਰ।

ਆਪਾਂ ਹਾਲੇ ਫ਼ੌਜ ਪਿਆਦਾ, ਖਿੱਲਰੀ, 'ਕੱਠੀ ਕੀਤੀ ਨਹੀਂ,
ਸਾਡੀ ਬਸਤੀ ਲੁੱਟਣ ਮੁੜ ਕੇ ਚੜ੍ਹ ਪਏ ਘੋੜ ਸਵਾਰ ਓ ਯਾਰ।

73