ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/53

ਇਹ ਸਫ਼ਾ ਪ੍ਰਮਾਣਿਤ ਹੈ

ਸ਼ੇਰਾਂ ਦੇ ਸ਼ਿਕਾਰੀ ਕਦੇ ਬੱਕਰੀ ਨਹੀਂ ਪਾਲਦੇ।
ਹੁੰਦੇ ਨਹੀਂ ਸ਼ਿਕਾਰੀ ਕੁੱਤੇ ਹਿਰਨਾਂ ਦੇ ਨਾਲ ਦੇ।

ਹਿੰਮਤਾਂ ਦੇ ਅੱਗੇ ਤਾਂ ਮੁਸੀਬਤਾਂ ਵੀ ਕੱਖ ਨਾ,
ਕੰਮ ਚੋਰ ਰਹਿੰਦੇ ਨੇ ਬਹਾਨੇ ਸਦਾ ਭਾਲਦੇ।

ਮੱਤੋਂ ਹੌਲੇ ਬੰਦੇ ਸਦਾ ਦੂਸਰੇ ਨੂੰ ਡੇਗਦੇ,
ਇੱਜ਼ਤਾਂ ਦੇ ਭਾਈਵਾਲ ਪੱਗ ਨਹੀਂ ਉਛਾਲਦੇ।

ਆ ਜਾ ਨੀ ਚੁਣੌਤੀਏ, ਤੂੰ ਦੂਰ ਕਾਹਨੂੰ ਖੜ੍ਹੀ ਏਂ,
ਸਮਿਆਂ ਦੇ ਹਾਣੀ ਕਦੇ ਹੋਣੀਆਂ ਨਹੀਂ ਟਾਲਦੇ।

ਹੰਸਾਂ ਤੇ ਕਾਵਾਂ ਦੇ ਨੇ ਅੱਡੋ ਅੱਡ ਆਲ੍ਹਣੇ,
ਭਾਵੇਂ ਨੇ ਨਿਵਾਸੀ ਦੋਵੇਂ ਇੱਕੋ ਜਹੀ ਡਾਲ ਦੇ।

ਬਿਰਖਾਂ ਵਟਾਏ ਵੇਸ, ਮੌਸਮਾਂ ਤੋਂ ਸਹਿਮ ਕੇ,
ਵੱਖ ਦਰਵੇਸ਼ਾਂ ਬਾਣੇ, ਹਾੜ੍ਹ ਤੇ ਸਿਆਲ ਦੇ।

ਬਿੱਲੀ ਨੇ ਪੜ੍ਹਾਇਆ ਸ਼ੇਰ, ਓਸੇ ਨੇ ਦਬੋਚਿਆ,
ਬਣਦੇ ਸ਼ਿਕਾਰੀ ਕੈਦੀ, ਆਪਣੇ ਹੀ ਜਾਲ ਦੇ।

53