ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/50

ਇਹ ਸਫ਼ਾ ਪ੍ਰਮਾਣਿਤ ਹੈ

ਕੀ ਪੁੱਛਦੇ ਹੋ ਬਾਤਾਂ ਯਾਰੋ, ਅੱਥਰੇ ਦਿਲ ਦਿਲਗੀਰ ਦੀਆਂ।
ਪੀੜਾਂ ਹੁਣ ਤੇ ਹਮਰਾਹ ਹੋਈਆਂ, ਨਦੀਓ ਵਿੱਛੜੇ ਨੀਰ ਦੀਆਂ।

ਕੰਡਿਆਂ ਵਾਲੀ ਤਾਰ 'ਚ ਅੜ ਕੇ ਪਾਟੀ ਚੁੰਨੀ ਸ਼ਗਨਾਂ ਦੀ,
ਹੁਣ ਤੀਕਰ ਵੀ ਲੇਰਾਂ ਸੁਣਦਾਂ, ਉਸ ਚੁੰਨੀ ਦੀ ਲੀਰ ਦੀਆਂ।

ਗੇਰੂ ਵਸਤਰ ਪਾ ਪਰਭਾਤੀ ਗਾਉਂਦਾ ਜਿਹੜਾ ਲੰਘਦਾ ਸੀ,
ਦਿਲ ਦੀ ਤਖ਼ਤੀ ਉੱਤੇ ਬੋਲਣ, ਤਰਜ਼ਾਂ ਓਸ ਫ਼ਕੀਰ ਦੀਆਂ।

ਕੰਨਾਂ ਦੇ ਵਿੱਚ ਮੁੰਦਰਾਂ ਪਾ ਕੇ ਇਹ ਜੋਗੀ ਕੀ ਚਾਹੁੰਦੇ ਨੇ,
ਫੈਸ਼ਨ ਦੀ ਮੰਡੀ ਦੇ ਰਾਂਝੇ, ਕਰਨ ਸ਼ਿਕਾਇਤਾਂ ਹੀਰ ਦੀਆਂ।

ਨਹੀਂਉਂ ਲੱਭਣੇ ਲਾਲ ਗੁਆਚੇ, ਜਾਣਦਿਆਂ ਵੀ ਤੁਰ ਪੈਨਾਂ,
ਵਿੱਛੜੇ ਯਾਰ ਮੁਹੱਬਤਾਂ ਵਾਲੇ, ਕੈਦਾਂ ਤੋੜ ਸਰੀਰ ਦੀਆਂ।

ਰਾਤ ਖੜ੍ਹੀ ਸੀ, ਦੀਵਾ ਬੁਝਿਆ, ਚਾਰ ਚੁਫ਼ੇਰ ਹਨ੍ਹੇਰ ਪਿਆ,
ਉਹ ਬਾਤਾਂ ਨਾ ਮਨ ਤੋਂ ਲੱਥਣ, ਕੀਤੀਆਂ ਵਕਤ ਅਖ਼ੀਰ ਦੀਆਂ।

ਸ਼ਾਮ ਢਲੀ ਪਰਛਾਵੇਂ ਲੰਮੇ ਹੋਈ ਜਾਂਦੇ ਬਿਰਖ਼ਾਂ ਦੇ,
ਡਾਰਾਂ ਆਵਣ ਬੰਨ੍ਹ ਕਤਾਰਾਂ, ਜਾਣ ਹਵਾ ਨੂੰ ਚੀਰਦੀਆਂ।

50