ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/43

ਇਹ ਸਫ਼ਾ ਪ੍ਰਮਾਣਿਤ ਹੈ

ਤਨ ਮਨ ਅੰਦਰ ਸਵਾਸ ਵਾਂਗਰਾਂ ਪੰਜ ਕਕਾਰ ਦਿਖਾਵਾ ਨਹੀਂਉਂ।
ਪੱਕਾ ਰਿਸ਼ਤਾ ਨਾਲ ਗੁਰੂ ਦੇ ਕੇਵਲ ਗੰਢ ਚਿਤਰਾਵਾ ਨਹੀਂਉਂ।

ਕੇਸਾਂ ਨਾਲ ਸਵਾਸ ਨਿਭਣਗੇ, ਕੰਘਾ, ਕੱਛ ਕਿਰਪਾਨ ਸਣੇ ਹੀ,
ਸੱਜੇ ਹੱਥ ਕੜਾ ਹੈ ਮੇਰੇ, ਮਨ ਵਿੱਚ ਭਰਮ ਭੁਲਾਵਾ ਨਹੀਂਉਂ।

ਸਾਹਾਂ ਦੀ ਮਾਲਾ ਦੀ ਸ਼ਕਤੀ, ਗੁਰ ਸ਼ਬਦਾਂ ਦੇ ਮਣਕੇ ਫਿਰਦੇ,
ਤੇਗ ਧਾਰ ਤਲਵਾਰ ਤੁਰਨ ਦਾ ਤਾਂ ਹੀ ਤਾਂ ਪਛਤਾਵਾ ਨਹੀਂਉਂ।

ਆਨੰਦਪੁਰ ਵਿੱਚ ਜਨਮ ਭੂਮ ਹੈ, ਗੁਰੂ ਗੋਬਿੰਦ ਸਿੰਘ ਬਾਬਲ ਮੇਰਾ,
ਤ੍ਰੈਕਾਲਕ ਹਸਤੀ ਹੈ ਮੇਰੀ, ਮੈਂ ਮਿੱਟੀ ਦਾ ਬਾਵਾ ਨਹੀਂਉਂ।

ਰੂਹ ਦੇ ਅੰਦਰ ਮਾਛੀਵਾੜਾ, ਜੰਗਲ ਰਾਹ ਕੰਡਿਆਲੇ ਮੇਰੇ,
ਦਸਮ ਪਿਤਾ ਦੇ ਸਿੱਖ ਲਈ ਕਿੱਥੇ, ਧਰਤੀ ਬਲਦੀ ਆਵਾ ਨਹੀਂਉਂ।

ਪਹਿਰੇਦਾਰ ਵਿਰਾਸਤ ਦਾ ਹਾਂ, ਧਰਤੀ ਧਰਮ ਨਿਭਾਵਾਂਗਾ ਮੈਂ,
ਏਸ ਜਨਮ ਤਾਂ ਨਿਭ ਜਾਵਾਂਗਾ, ਹੋਰ ਜਨਮ ਦਾ ਦਾਵਾ ਨਹੀਂਉਂ।

ਸਬਰ ਸਿਦਕ ਸੰਤੋਖ ਸਮਰਪਣ ਸੂਰਜ ਦੇ ਤਪ ਤੇਜ ਜਿਹਾ ਹੈ,
ਜ਼ਾਲਮ ਦਾ ਜਮਕਾਲ ਬਣਾਂਗਾ, ਰਾਜ ਤਖ਼ਤ ਦਾ ਪਾਵਾ ਨਹੀਂਉਂ।

43