ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/23

ਇਹ ਸਫ਼ਾ ਪ੍ਰਮਾਣਿਤ ਹੈ

ਕੀ ਬਦਸ਼ਗਨੀ ਹੋ ਗਈ ਮੈਥੋਂ, ਗੁੰਮਿਆ ਚੰਨ ਗੁਆਚੇ ਤਾਰੇ।
ਤੁਧ ਬਿਨ ਰੂਪ ਕਰੂਪ ਹੋ ਗਿਆ, ਸਾਹ ਵੀ ਹੋ ਗਏ ਬੇ ਇਤਬਾਰੇ।

ਖੁਸ਼ਬੂ ਦਾ ਉਹ ਬੁੱਲਾ ਨਾ ਹੁਣ, ਰੂਹ ਮੇਰੀ ਨੂੰ ਆ ਮਹਿਕਾਏ,
ਜਿਸ ਨੇ ਪਹਿਲੀ ਵਾਰ ਕਿਹਾ ਕੁਝ, ਮੋਹ ਵਿੱਚ ਭਿੱਜ ਕੇ ਤੇਰੇ ਬਾਰੇ।

ਏਨੇ ਪੱਕੇ ਚੁੱਪ ਦੇ ਜੰਦਰੇ, ਮੇਰੇ ਵੱਸ ਨਹੀਂ, ਖੋਲ੍ਹ ਸਕਾਂ ਮੈਂ,
ਹੋ ਰਹੇ ਵੇਖੋ ਤਰਲੋ ਮੱਛੀ, ਬਣ ਗਏ ਨੇ ਹੁਣ ਸ਼ਬਦ ਵਿਚਾਰੇ।

ਕੋਹ ਨਾ ਤੁਰੀ ਤਿਹਾਈ ਜਿੰਦ ਨੂੰ, ਛੱਡਿਆ ਕਿਹੜੇ ਜੰਗਲ ਵਿੱਚ ਤੂੰ,
ਇੱਕ ਦੂਜੇ ਤੋਂ ਦੂਰ ਖੜ੍ਹੇ ਨੇ, ਰੁੱਖ ਵੀ ਕਿੰਨੇ ਕੱਲ੍ਹੇ ਕਾਰੇ।

ਡਰਦੀ 'ਵਾਜ਼ ਨਾ ਸੰਘੀਉਂ ਨਿਕਲੇ, ਆਪ ਸਮਝ ਲੈ ਮਨ ਦੀ ਹਾਲਤ,
ਪੱਥਰ ਹੋ ਗਏ ਪਲਸੀਂ ਹੰਝੂ, ਵੇਖ ਕਿਵੇਂ ਹੁਣ, ਮਣ ਮਣ ਭਾਰੇ।

ਹੌਕੇ ਵਾਲੀ ਜੂਨ ਹੰਢਾਉਣੀ, ਪੈ ਜਾਵੇ ਨਾ ਦੁਸ਼ਮਣ ਨੂੰ ਵੀ,
ਹਿੱਕੜੀ ਦੇ ਵਿੱਚ ਤਪਦੇ ਖ਼ਪ ਗਏ, ਮੋਹ ਦੇ ਜੁਗਨੂੰ ਕਿੰਨੇ ਸਾਰੇ।

ਤਪਦੇ ਥਲ ਦੀ ਭਰਮਜਲੀ ਨੇ, ਕਿੱਥੋਂ ਤੀਕ ਪੁਚਾਇਆ ਵੇਖੋ,
ਦਰਸ ਪਿਆਸੇ ਤੜਪ ਰਹੇ ਨੇ, ਤੇਜ਼ ਦੌੜਦੇ ਮਿਰਗ ਵਿਚਾਰੇ।

23