ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/22

ਇਹ ਸਫ਼ਾ ਪ੍ਰਮਾਣਿਤ ਹੈ

ਅੰਬਰੋਂ ਕਿਰਿਆ ਇੱਕ ਅੱਧ ਅੱਥਰੂ, ਸਿੱਪੀ ਵਿੱਚ ਜੇ ਪਲ਼ ਜਾਵੇਗਾ।
ਵੇਖ ਲਇਓ ਜੀ, ਹੌਲੀ ਹੌਲੀ, ਮੋਤੀ ਦੇ ਵਿੱਚ ਢਲ ਜਾਵੇਗਾ।

ਸਿਖ਼ਰ ਦੁਪਹਿਰੇ ਰਾਤ ਦਾ ਪਹਿਰਾ, ਕੁਦਰਤ ਦਾ ਵਰਤਾਰਾ ਨਹੀਂਉਂ,
ਏਸ ਤਰ੍ਹਾਂ ਹੀ ਨਜ਼ਰਾਂ ਅੱਗੇ, ਵੈਰੀ ਕਾਲਖ਼ ਮਲ ਜਾਵੇਗਾ।

ਬਿੱਲੀ ਅੱਗੇ ਅੱਖੀਆਂ ਮੀਟੀ, ਬੈਠ ਗਏ ਨੇ ਬੰਨ੍ਹ ਕਤਾਰਾਂ,
ਸਮਝ ਰਹੇ ਨੇ ਚੂਹੇ ਏਦਾਂ, ਆਇਆ ਖ਼ਤਰਾ ਟਲ਼ ਜਾਵੇਗਾ।

ਫੇਰ ਛਪਾਰ ਦੇ ਮੇਲੇ ਅੰਦਰ ਜੋਗੀ ਨਾਥ ਵਜਾਵਣ ਬੀਨਾਂ,
ਗੁੱਗਾ ਪੀਰ ਵਿਖਾ ਕੇ ਛਲੀਆ, ਜਨਤਾ, ਵੇਖਿਓ ਛਲ ਜਾਵੇਗਾ।

ਗੰਧਲੀ ਪੌਣ ’ਚ ਘੁਲਿਆ ਏਥੇ, ਜ਼ਹਿਰ ਸਣੇ ਹੈ ਹੋਰ ਬੜਾ ਕੁਝ,
ਹੌਲੀ ਹੌਲੀ ਸਾਹਾਂ ਦੇ ਵਿੱਚ, ਇਹ ਸਾਰਾ ਕੁਝ ਰਲ਼ ਜਾਵੇਗਾ।

ਰੂਹ ਦੇ ਅੰਦਰ ਬੈਠਾ ਦਹਿਸਿਰ, ਮਾਰਨ ਵਾਲੀ ਗੱਲ ਨੂੰ ਤੋਰੋ,
ਕਾਗ਼ਜ਼ ਦਾ ਰਾਵਣ ਤਾਂ ਤੀਲ੍ਹੀ, ਬਾਲਦਿਆਂ ਹੀ ਜਲ਼ ਜਾਵੇਗਾ।

ਸਖ਼ਤ ਜ਼ਮੀਨ ਨੂੰ ਪੋਲੀ ਕਰਕੇ, ਸੁਪਨ ਬੀਜ ਤਾਂ ਧਰੀਏ ਯਾਰੋ,
ਹੌਲੀ ਹੌਲੀ ਆਸ ਦਾ ਬੂਟਾ, ਏਸ ਤਰ੍ਹਾਂ ਹੀ ਫ਼ਲ ਜਾਵੇਗਾ।

22