ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/17

ਇਹ ਸਫ਼ਾ ਪ੍ਰਮਾਣਿਤ ਹੈ

ਪੁੱਛਦੇ ਨੇ ਲੋਕ ਜੀ, ਹਨ੍ਹੇਰਾ ਕਦੋਂ ਮੁੱਕਣਾ ।
ਪਾਪ ਵਾਲੀ ਜੰਝ ਏਥੋਂ, ਡੇਰਾ ਕਦੋਂ ਚੁੱਕਣਾ ।

ਕਦੋਂ ਤੀਕ ਰਹਿਣਾ ਜੀ, ਹਨ੍ਹੇਰ ਘੁੱਪ ਘੇਰ ਹੀ,
ਕਦੋਂ ਤੀਕ ਰਹਿਣਾ ਹੈ ਨਿਸ਼ਾਨਿਆਂ ਤੋਂ ਉੱਕਣਾ ।

ਏਸ ਦਾ ਇਲਾਜ ਹੁਣੇ ਕਰੋ ਪਿੰਡ ਵਾਲਿਓ,
ਜੜ੍ਹ ਵੱਲੋਂ ਹੋ ਗਿਆ ਹੈ ਬੋਹੜ ਵੇਖੋ ਸੁੱਕਣਾ ।

ਜਾਲ ਵਿੱਚੋਂ ਉੱਡ ਪੁੱਡ ਜਾਓ, ਓ ਪਰਿੰਦਿਓ,
ਤੰਦ ਤੰਦ ਤਾਰ, ਸ਼ੁਰੂ ਕਰ ਦਿਓ ਟੁੱਕਣਾ ।

ਅੱਖਾਂ ਖੋਲ੍ਹੋ, ਸੁੱਤਿਓ, ਜਗਾਓ ਸੁੱਤੀ ਆਤਮਾ,
ਚੰਗਾ ਲੱਗੂ ਸੂਰਜਾ ਸਵੇਰ ਸਾਰ ਢੁੱਕਣਾ ।

ਸੂਰਬੀਰ ਯੋਧਿਓ ਤੇ ਰਣਾਂ ਦਿਓ ਮੋਹਰੀਓ,
ਮਾਰ ਕੇ ਦਮਾਮੇ ਚੋਟ, ਸ਼ੁਰੂ ਕਰੋ ਬੁੱਕਣਾ ।

ਬੜਾ ਚਿਰ ਹੋ ਗਿਆ ਮਜ਼ਾਕ ਹੁਣ ਸਹਿੰਦਿਆਂ,
ਬੰਦ ਕਰ ਹਾਕਮਾ, ਤੂੰ ਚੰਦ ਉੱਤੇ ਥੁੱਕਣਾ ।

17