ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/163

ਇਹ ਸਫ਼ਾ ਪ੍ਰਮਾਣਿਤ ਹੈ

ਇਸ ਧਰਤੀ ਤੇ ਵਿਰਲੇ ਵਿਰਲੇ ਸੰਕਟ ਸਮੇਂ ਸਹਾਰੇ ਬਣਦੇ।
ਓਹੀ ਸੁਣਿਐਂ, ਅੰਬਰੀਂ ਜਾ ਕੇ ਸੂਰਜ, ਚੰਨ ਜਾਂ ਤਾਰੇ ਬਣਦੇ।

ਆਪਣੀ ਅੱਗ ਵਿੱਚ ਆਪੇ ਸੜ ਕੇ, ਵਕਤ ਗੁਆਚਾ, ਹੱਥ ਨਾ ਆਏ,
ਓਹੀ ਪਲ ਤਾਂ ਵੀਰ ਮੇਰਿਆ, ਹੱਡੀਆਂ ਦੇ ਵਿੱਚ ਪਾਰੇ ਬਣਦੇ।

ਚੀਰੀ ਜਾਵੇ ਤਨ ਦੀ ਗੇਲੀ, ਦੂਜੇ ਕੰਨ ਆਵਾਜ਼ ਨਾ ਪਹੁੰਚੇ,
ਬਾਗ ਬਗੀਚੇ ਢੇਰ ਕਰਨ ਲਈ, ਸ਼ਿਕਵੇ ਰੋਸੇ ਆਰੇ ਬਣਦੇ।

ਨਿੱਕੀਆਂ ਨਿੱਕੀਆਂ ਗੰਢਾਂ ਬੰਨ੍ਹ ਕੇ, ਮਨ ਮੰਦਰ ਵਿੱਚ ਰੱਖਿਆ ਨਾ ਕਰ,
ਸਫ਼ਰ ਸਮੇਂ ਇਹ ਬਹੁਤੇ ਨਗ ਵੀ ਬੰਦੇ ਖ਼ਾਤਰ ਭਾਰੇ ਬਣਦੇ।

ਤੇਰੀ ਛਤਰੀ ਸਬਜ਼ ਕਬੂਤਰ, ਚੋਗ ਚੁਗਣ ਲਈ ਬੈਠੇ ਜਿਹੜੇ,
ਉੱਡ ਜਾਣੇ ਨੇ, ਦਾਣੇ ਚੁਗ ਕੇ ਜਿਹੜੇ ਬਹੁਤ ਦੁਲਾਰੇ ਬਣਦੇ।

ਧਨਵੰਤੇ ਪਤਵੰਤੇ ਜਿੱਥੇ, ਕਲਾਵੰਤ ਗੁਣਵੰਤੇ ਰੁਲਦੇ,
ਘਰ ਤੇ ਵਤਨ ਉਜਾੜਨ ਖ਼ਾਤਰ, ਏਹੀ ਪਲ ਅੰਗਿਆਰੇ ਬਣਦੇ।

ਕੂੜ ਕੁਫ਼ਰ ਦੇ 'ਨੇਰੇ ਅੰਦਰ, ਤੂੰ ਜੋ ਕਰਦੈਂ ਤਖ਼ਤ ਨਸ਼ੀਨਾ,
ਵਕਤ ਕਚਹਿਰੀ ਦੇ ਵਿੱਚ ਬੀਬਾ, ਅਸਲ ਗਵਾਹ ਤਾਂ ਕਾਰੇ ਬਣਦੇ।

163