ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/161

ਇਹ ਸਫ਼ਾ ਪ੍ਰਮਾਣਿਤ ਹੈ

ਮਰ ਚੱਲੇ ਹਾਂ ਆਪਾਂ ਯਾਰੋ, ਚੁੱਪ ਰਹਿ ਕੇ ਨਾ ਬੋਲਣ ਕਰਕੇ।
ਕੰਧਾਂ ਵੀ ਤਾਂ ਪਾਟਦੀਆਂ ਨੇ ਦਿਲ ਬੂਹਾ ਨਾ ਖੋਲ੍ਹਣ ਕਰਕੇ।

ਸ਼ੱਕੀ ਹੋ ਗਏ ਦੋਵੇਂ ਪੱਲੜੇ, ਦਰ ਦਰ ਪੈਂਦੀ ਹਰ ਦੋ ਲਾਅਣਤ,
ਤੱਕੜੀ ਬੇਵਿਸ਼ਵਾਸੀ ਹੋ ਗਈ ਉੱਚਾ ਨੀਵਾਂ ਤੋਲਣ ਕਰਕੇ।

ਕੂੜਾ ਹੁੰਝਣ ਖ਼ਾਤਰ ਬੰਨੀ, ਤੀਲ੍ਹਾ ਤੀਲ੍ਹਾ ਖਿੱਲਰੀ ਬਹੁਕਰ,
ਕੌਡੀ ਮੁੱਲ ਰਿਹਾ ਨਾ ਤਾਂਹੀਂਉਂ, ਇੱਕ ਦੂਜੇ ਨੂੰ ਰੋਲਣ ਕਰਕੇ।

ਪੰਜੇ ਦੀ ਅਜ਼ਮਤ ਸੀ ਕਿੰਨੀ, ਜਦ ਤੱਕ ਸੀ ਸ਼ੁਭਕਰਮਨ ਕਰਦਾ,
ਹੁਣ ਤਾਂ ਵਾਂਗ ਚਪੇੜ ਦੇ ਲੱਗੇ, ਨੀਤ ਮੁਰਾਦੋਂ ਡੋਲਣ ਕਰਕੇ।

ਸਣੇ ਦਾਤਰੀ ਸਿੱਟੇ ਵਾਲੇ, ਪਤਾ ਨਹੀਂ ਜੀ ਕਿੱਥੇ ਤੁਰ ਗਏ,
ਵਾਂਗ ਹਥੌੜੇ ਵੱਜਣ ਵਾਲੇ, ਹੱਕ ਸੱਚ ਲਈ ਨਾ ਬੋਲਣ ਕਰਕੇ।

ਲੱਭਦੇ ਨਹੀਂ ਸੁਪਨੀਲੇ ਘੋੜੇ, ਨਸਲ ਖ਼ਤਮ ਹੀ ਹੋ ਗਈ ਜਾਪੇ,
ਚਿੱਟੇ ਹਾਥੀ, ਹੂਟਰ, ਹੰਟਰ ਚਾਰ ਚੁਫ਼ੇਰ ਮਧੋਲਣ ਕਰਕੇ।

ਤੂੰ ਵੀ ਉਹਨਾਂ 'ਚੋਂ ਨਹੀਂ ਲੱਗਦਾ, ਜੋ ਕਰਦੇ ਸੀ ਪਹਿਰੇਦਾਰੀ,
ਕਵੀਆ! ਤੂੰ ਬਦਨਾਮ ਹੋ ਗਿਆ, ਖਿੱਦੋ ਲੀਰਾਂ ਫ਼ੋਲਣ ਕਰਕੇ।

161