ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/159

ਇਹ ਸਫ਼ਾ ਪ੍ਰਮਾਣਿਤ ਹੈ

ਕਦੇ ਵੀ ਆਸ ਦੇ ਦੀਵੇ, ਹਵਾ ਤੋਂ ਡਰਨ ਨਾ ਦੇਣਾ।
ਉਮੀਦਾਂ ਵਕਤ ਜੋ ਕਰਦੈ ਕਦੇ ਵੀ ਮਰਨ ਨਾ ਦੇਣਾ।

ਹਨ੍ਹੇਰੀ ਰਾਤ ਹੈ, ਤੂਫ਼ਾਨ, ਝੱਖੜ, ਡੋਲਦੇ ਸਾਏ,
ਕਦੇ ਵੀ ਲਾਸ਼ ਵਾਂਗੂੰ ਦੋਸਤੀ ਨੂੰ ਤਰਨ ਨਾ ਦੇਣਾ।

ਸਿਰਾਂ ਤੇ ਸ਼ਾਮ ਹੈ, ਸੂਰਜ ਸਮੁੰਦਰ ਮਿਲਣ ਲੱਗੇ ਨੇ,
ਦਿਲਾਂ ਨੂੰ ਸਾਂਭਣਾ ਤੇ ਸਰਦ ਹੌਕਾ ਭਰਨ ਨਾ ਦੇਣਾ।

ਕਦੇ ਵੀ ਰਾਤ ਦੇ ਸਾਏ ਤੋਂ ਡਰ ਕੇ ਸਹਿਮ ਨਾ ਜਾਣਾ,
ਜਿਉਂਦੇ ਖ਼੍ਵਾਬ ਨੂੰ ਅਗਨੀ ਹਵਾਲੇ ਕਰਨ ਨਾ ਦੇਣਾ।

ਬੜੇ ਤੁਫ਼ਾਨ ਆਏ, ਆਉਣਗੇ ਵੀ ਹੋਰ ਚੜ੍ਹ ਚੜ੍ਹ ਕੇ,
ਦਿਲਾ ਤੂੰ ਹੌਸਲਾ ਰੱਖੀਂ, ਉਮੀਦਾਂ ਠਰਨ ਨਾ ਦੇਣਾ।

ਨਿਖ਼ਸਮੀ ਜੂਹ ਦੇ ਅੰਦਰ ਫਿਰਨ ਟੋਲੇ ਬੇਲਗਾਮੇ ਜੋ,
ਤੂੰ ਆਪਣੀ ਫ਼ਸਲ ਅੰਦਰ ਵਰਜ, ਏਥੇ ਚਰਨ ਨਾ ਦੇਣਾ।

ਕਦੇ ਜੇ ਔਣ ਉਹ ਪਲ, ਕਹਿਣ ਜੋ ਦੜ ਵੱਟਕੇ ਬਹਿ ਜਾ,
ਬਰੂੰਹੀਂ ਚੜ੍ਹਨ ਨਾ ਦੇਣਾ ਕਦੇ ਵੀ ਸ਼ਰਨ ਨਾ ਦੇਣਾ।

159