ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/158

ਇਹ ਸਫ਼ਾ ਪ੍ਰਮਾਣਿਤ ਹੈ

ਐ ਦਿਲਾ! ਜਦ ਤੱਕ ਤੁਰੇਂਗਾ, ਰੌਸ਼ਨੀ ਦੇ ਨਾਲ ਨਾਲ।
ਨਾ ਕਦੇ ਗੁੰਮਰਾਹ ਕਰੇਗਾ, ਕਿਸਮਤਾਂ ਦਾ ਭਰਮ ਜਾਲ।

ਜ਼ਿੰਦਗੀ! ਤੇਰਾ ਵੀ ਕਰਜ਼ਾ, ਸਿਰ ਖੜ੍ਹਾ ਚਿਰ ਕਾਲ ਤੋਂ,
ਇਸ ਜਨਮ ਕਿੱਦਾਂ ਉਤਾਰਾਂ, ਇਹ ਬੜਾ ਔਖਾ ਸਵਾਲ।

ਦੋਸਤੀ ਦੀ ਮਹਿਕ ਸੁੱਚੀ, ਵੇਖ ਨਾ ਮਹਿਸੂਸ ਕਰ,
ਘਰ ਦੇ ਅੰਦਰ ਲਾ ਲਿਆ ਕਰ, ਨਰਗਸੀ ਫੁੱਲਾਂ ਦੀ ਡਾਲ।

ਤੂੰ ਮੇਰੇ ਸਾਹਾਂ 'ਚ ਖਿੜ ਜਾ, ਚਾਂਦਨੀ ਦੀ ਵੇਲ ਵਾਂਗ,
ਪੌਣ ਗਾਉਂਦੀ ਵੇਖ ਲਈਂ ਫਿਰ, ਨੱਚਦੀ ਪਾਉਂਦੀ ਧਮਾਲ।

ਇਹ ਕਦੇ ਉਪਰਾਮ ਨਾ ਹੋਇਆ, ਕਦੇ ਨਾ ਡੋਲਿਆ,
ਸਾਥ ਮੇਰਾ ਦਿਲ ਨਿਭਾਇਆ, ਕੀ ਕਹਾਂ, ਬੱਸ, ਬੇਮਿਸਾਲ।

ਮੈਂ ਤੁਰਾਂਗਾ ਰੋਜ਼ ਅੱਗੇ, ਹੋਰ ਅੱਗੇ ਸੇਧ ਨਾਲ,
ਮੈਂ ਕਦੇ ਕੀਤਾ ਨਹੀਂ ਜੀ, ਇੱਕ ਥਾਂ ਤੇ ਕਦਮ ਤਾਲ।

ਏਸ ਧਰਤੀ ਦੀ ਲਿਆਕਤ ਤੇ ਨਜ਼ਾਕਤ ਸਾਂਭ ਲੈ,
ਪੂਰਬੀ ਨੁੱਕਰ 'ਚ ਚੜ੍ਹਿਆ, ਵੇਖ ਸੂਰਜ ਦਾ ਜਲਾਲ।

158