ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/157

ਇਹ ਸਫ਼ਾ ਪ੍ਰਮਾਣਿਤ ਹੈ

ਚੰਨ ਦਾ ਟੁਕੜਾ ਪਹਿਨ ਦੂਧੀਆ, ਜਦ ਸੁਪਨੇ ਵਿੱਚ ਆ ਜਾਂਦਾ ਹੈ।
ਸੱਚ ਮੰਨੀ ਤੂੰ ਮਹਿਕ ਵਰਗੀਏ, ਅਜਬ ਝੁਣਝੁਣੀ ਲਾ ਜਾਂਦਾ ਹੈ।

ਚੰਦਨ ਦੀ ਗੇਲੀ ਦੀਆਂ ਮਹਿਕਾਂ, ਲੂੰ ਲੂੰ ਦੇ ਵਿੱਚ ਰਚ ਮਿਚ ਜਾਵਣ,
ਜਿੱਥੇ ਜਾ ਕੇ ਸ਼ਬਦ ਹਾਰਦੇ, ਉਹ ਪਲ ਤਾਂ ਤੜਫ਼ਾ ਜਾਂਦਾ ਹੈ।

ਰਸਵੰਤਾ ਜਿਉਂ ਅੰਬ ਸੰਧੂਰੀ, ਧੁਰ ਅੰਦਰ ਤੱਕ ਘੁਲਦਾ ਜਾਵੇ,
ਚਿਤਵਦਿਆਂ ਖ਼ੁਸ਼ਬੋਈਏ ਤੈਨੂੰ, ਪਲ ਵਿਸਮਾਦੀ ਆ ਜਾਂਦਾ ਹੈ।

ਗੀਤ, ਗ਼ਜ਼ਲ, ਕਵਿਤਾਵਾਂ ਮੈਨੂੰ, ਰਾਤ ਦਿਨੇ ਅਨੁਵਾਦ ਕਰਦੀਆਂ,
ਖਵਰੇ ਕਿਹੜਾ ਸ਼ਬਦ ਕਿਸੇ ਨੂੰ ਕਿਹੜੇ ਵੇਲੇ ਭਾ ਜਾਂਦਾ ਹੈ।

ਕੋਮਲਤਾ, ਅਹਿਸਾਸ, ਮੁਸਕਣੀ ਬੰਦ ਅਲਮਾਰੀ ਵਿੱਚ ਨਾ ਰੱਖਣਾ,
ਰੇਸ਼ਮ ਨੂੰ ਵੀ ਇਸ ਤਰ੍ਹਾਂ ਹੀ ਕੀੜਾ ਲੱਗ ਕੇ ਖਾ ਜਾਂਦਾ ਹੈ।

ਤਰੇਲ ਚ ਭਿੱਜੀਆਂ ਲਗਰਾਂ ਤੇ ਹੀ ਖਿੜਦੇ ਫੁੱਲ ਬਸੰਤੀ ਰੁੱਤੇ,
ਪੱਤਝੜ ਸਖ਼ਤ ਪ੍ਰੀਖਿਆ ਮਗਰੋਂ ਉਹ ਮੌਸਮ ਵੀ ਆ ਜਾਂਦਾ ਹੈ।

ਸੁਰਖ਼ ਗੁਲਾਬ ਦੀਆਂ ਦੋ ਪੱਤੀਆਂ, ਚੰਬਾ ਲੜੀਆਂ ਕਲੀਆਂ ਜੜੀਆਂ,
ਇੱਕੋ ਥਾਂ ਤੇ ਕਾਦਰ ਕਿੱਦਾਂ, ਰਹਿਮਤ ਦਾ ਮੀਂਹ ਪਾ ਜਾਂਦਾ ਹੈ।

157